ਸਿੱਧੂ ਮੂਸੇਵਾਲਾ ਮੇਰੇ ਦਿਲ ਅਤੇ ਯਾਦਾਂ ਵਿਚ ਹਮੇਸ਼ਾ ਜਿਊਂਦਾ ਰਹੇਗਾ- ਰਾਜਾ ਵੜਿੰਗ

Spread the love

ਮਾਨਸਾ:  ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਭੋਗ ਸਮਾਗਮ ਵਿਚ ਵੱਡੀ ਗਿਣਤੀ ਵਿਚ ਸਮਰਥਕ, ਮਨੋਰੰਜਨ ਜਗਤ ਦੇ ਲੋਕ ਅਤੇ ਸਿਆਸਤਦਾਨ ਸ਼ਾਮਲ ਹੋਏ ਹਨ। ਇਸ ਦੁੱਖ ਦੀ ਘੜੀ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਪਹੁੰਚੇ ਹਨ। ਮੂਸੇਵਾਲਾ ਦੇ ਮਾਤਾ-ਪਿਤਾ ਦੀ ਹਾਲਤ ਦੇਖ ਕੇ ਉਹ ਵੀ ਭਾਵੁਕ ਹੋ ਗਏ। ਰਾਜਾ ਵੜਿੰਗ ਨੇ ਕਿਹਾ ਕਿ ਮੇਰੀ ਇਹੀ ਅਰਦਾਸ ਹੈ ਕਿ ਕਿਸੇ ਵੀ ਮਾਂ-ਪਿਓ ਦਾ ਪੁੱਤ ਇਸ ਤਰ੍ਹਾਂ ਦੁਨੀਆਂ ਤੋਂ ਨਾ ਜਾਵੇ।

 

ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਰੀਆਂ ਗੱਲਾਂ ਛੱਡ ਕੇ ਚੰਗੇ ਪਾਸੇ ਲੱਗੀਏ ਤਾਂ ਜੋ ਨਵੇਂ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਇਨਸਾਫ ਲਈ ਪਰਿਵਾਰ ਦੇ ਸੁਨੇਹੇ ਤੋਂ ਬਿਨ੍ਹਾਂ ਕੋਈ ਕਦਮ ਨਹੀਂ ਚੁੱਕਣਾ। ਰਾਜਾ ਵੜਿੰਗ ਨੇ ਕਿਹਾ ਕਿ ਇਸ ਦੁਨੀਆਂ ‘ਚ ਹਜ਼ਾਰਾਂ ਸਿਆਸਤਦਾਨ ਤੇ ਕਲਾਕਾਰ ਆਏ ਪਰ ਕਿਸੇ ਦੇ ਅੰਤਿਮ ਅਰਦਾਸ ‘ਚ ਇੰਨਾ ਵੱਡਾ ਇਕੱਠ, ਮੈਂ ਕਦੇ ਨਹੀਂ ਵੇਖਿਆ। ਲੋਕਾਂ ਦੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਪ੍ਰਤੀ ਹਮਦਰਦੀ ਹੈ ਅਤੇ ਉਹ ਵਿਛੜੀ ਰੂਹ ਨੂੰ ਪਿਆਰ ਕਰਦੇ ਸਨ।

ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਪਰਿਵਾਰ ਨੂੰ ਸੜਕ ’ਤੇ ਬੈਠ ਕੇ ਸੰਘਰਸ਼ ਕਰਨ ਦੀ ਨੌਬਤ ਨਾ ਆਵੇ, ਜਲਦ ਤੋਂ ਜਲਦ ਇਨਸਾਫ਼ ਦਿੱਤਾ ਜਾਵੇ।ਉਹਨਾਂ ਕਿਹਾ ਕਿ ਦੁਨੀਆਂ ਦੀ ਨਜ਼ਰ ਵਿਚ ਸਿੱਧੂ ਬਹੁਤ ਵਧੀਆ ਗਾਇਕ ਸੀ ਪਰ ਮੇਰੇ ਲਈ ਉਹ ਮੇਰਾ ਸਾਥੀ ਅਤੇ ਛੋਟਾ ਭਰਾ ਸੀ। ਉਹ ਮੇਲੇ ਦਿਲ ਅਤੇ ਯਾਦਾਂ ਵਿਚ ਹਮੇਸ਼ਾ ਜਿਊਂਦੇ ਰਹਿਣਗੇ। ਮੈਂ ਹਮੇਸ਼ਾ ਉਹਨਾਂ ਦੇ ਮਾਤਾ-ਪਿਤਾ ਦੇ ਨਾਲ ਖੜ੍ਹਾ ਰਹਾਂਗਾ।

Posted on 8th June 2022

Latest Post