ਜੇਲ੍ਹ ਮੰਤਰੀ ਹਰਜੋਤ ਬੈਂਸ ਦਾ ਬਿਆਨ, ‘ਜੇਲ੍ਹਾਂ ’ਚੋਂ ਹੁਣ ਤੱਕ ਬਰਾਮਦ ਹੋਏ ਕਰੀਬ 1000 ਮੋਬਾਈਲ’

Spread the love

ਫਰੀਦਕੋਟ: ਜੇਲ੍ਹ ਵਿਚ ਬੰਦ ਕੈਦੀਆਂ ਕੋਲੋਂ ਲਗਾਤਾਰ ਮੋਬਾਈਲ ਫੋਨ ਬਰਾਮਦ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚਲਦਿਆਂ ਅੱਜ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਮਾਡਰਨ ਜੇਲ੍ਹ ਦਾ ਦੌਰਾ ਕੀਤਾ, ਜਿੱਥੇ ਉਹਨਾਂ ਨੇ ਤਿੰਨ ਤੋਂ ਚਾਰ ਘੰਟੇ ਜੇਲ੍ਹ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਜਾਣਕਾਰੀ ਹਾਸਲ ਕੀਤੀ।

ਉਹਨਾਂ ਦੱਸਿਆ ਕਿ ਸੂਬੇ ਦੀਆਂ ਜੇਲ੍ਹਾਂ ਅੰਦਰੋਂ ਮੋਬਾਈਲਾਂ ਦੀ ਰਿਕਵਰੀ ਦੁੱਗਣੀ ਹੋਈ ਹੈ। ਪੰਜਾਬ ਦੀਆਂ ਜੇਲ੍ਹਾਂ ’ਚੋਂ ਹੁਣ ਤੱਕ 1000 ਦੇ ਕਰੀਬ ਮੋਬਾਈਲ ਬਰਾਮਦ ਹੋਏ ਹਨ। 6 ਮਹੀਨਿਆਂ ’ਚ ਜੇਲ੍ਹਾਂ ਨੂੰ ਮੋਬਾਈਲ ਮੁਕਤ ਕਰਾਂਗੇ। ਇਸ ਦਿਸ਼ਾ ਵਿਚ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਪੰਜਾਬ ਦੀਆਂ ਕੁਝ ਜੇਲ੍ਹਾਂ ਵਿਚ ਜੈਮਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਅਤੇ ਜਿੱਥੇ ਜੈਮਰ ਲਗਾਏ ਗਏ ਹਨ, ਕਮੀਆਂ ਨੂੰ ਵੀ ਦੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਲ੍ਹ ਦੇ ਉਹਨਾਂ ਸਥਾਨਾਂ ‘ਤੇ ਪੁਲਿਸ ਤਾਇਨਾਤ ਕੀਤੀ ਗਈ ਹੈ, ਜਿੱਥੇ ਮੋਬਾਈਲ ਸੁੱਟੇ ਜਾਣ ਦੀ ਸੰਭਾਵਨਾ ਹੈ।

ਉਹਨਾਂ ਕਿਹਾ ਕਿ ਜੇਲ੍ਹਾਂ ਦੀਆਂ ਕਮੀਆਂ ਨੂੰ ਦੂਰ ਕਰਨ ਤੋਂ ਇਲਾਵਾ ਸੁਰੱਖਿਆ ਬਲਾਂ ਵਿਚ ਵੀ ਵਾਧਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਨੂੰ ਅਸਲ ਮਾਇਨੇ ਵਿਚ ਸੁਧਾਰ ਕਰ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ ਜੇਲ੍ਹ ਮੰਤਰੀ ਨੇ ਬਠਿੰਡਾ ਜੇਲ੍ਹ ਦਾ ਦੌਰਾ ਕੀਤਾ। ਜੇਲ੍ਹ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਲਣ ਨਹੀਂ ਦਿੱਤਾ ਜਾਵੇਗਾ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕੁਝ ਬੇਕਸੂਰ ਨੌਜਵਾਨਾਂ ਨੂੰ ਗੈਂਗਸਟਰ ਬਣਾ ਕੇ ਜੇਲ੍ਹਾਂ ਵਿਚ ਡੱਕ ਦਿੱਤਾ ਸੀ।

ਜੇਲ੍ਹ ਮੰਤਰੀ ਨੇ ਪਿਛਲੀ ਸਰਕਾਰ ਦੇ ਕੰਮਾਂ ਦੀ ਅਯੋਗਤਾ ਬਾਰੇ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ’ਤੇ ਸਾਰੀਆਂ ਜੇਲ੍ਹਾਂ ਦਾ ਦੌਰਾ ਕਰਕੇ ਸੁਧਾਰ ਲਿਆਂਦਾ ਜਾਵੇਗਾ। ਉਹਨਾਂ ਦੱਸਿਆ ਕਿ ਜੇਲ੍ਹ ਵਿਚ ਨਵੀਂ ਭਰਤੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੇਲ੍ਹਾਂ ਵਿਚ ਚੱਲ ਰਹੇ ਗੈਂਗਸਟਰਾਂ ਦੇ ਨੈੱਟਵਰਕ ਨੂੰ 6 ਮਹੀਨਿਆਂ ’ਚ ਤੋੜ ਦਿੱਤਾ ਜਾਵੇਗਾ।

Posted on 4th June 2022

Latest Post