Gurdaspur News: ਸ਼ਾਹੀ ਮਹਿਲ ‘ਚ ਮਨਾਈ ਗਈ ਮਹਾਰਾਜਾ ਰਣਜੀਤ ਸਿੰਘ ਦੀ 184ਵੀਂ ਬਰਸੀ..
ਗੁਰਦਾਸਪੁਰ:ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ (Maharaja Ranjit Singh) ਦੀ 184ਵੀਂ ਬਰਸੀ ਅੱਜ ਉਨ੍ਹਾਂ ਦੇ ਸ਼ਾਹੀ ਮਹਿਲ (Royal Palace) (ਬਾਰਾਂਦਰੀ) ਦੀਨਾਨਗਰ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਵਿਰਾਸਤੀ ਮੰਚ (Virasti Manch) ਬਟਾਲਾ ਵੱਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਸੰਗਤਾਂ ਨੇ ਆਪਣੀ ਹਾਜ਼ਰੀ ਭਰੀ ਅਤੇ ਸ਼ਾਹੀ ਤਖਤ ’ਤੇ ਬਿਰਾਜਮਾਨ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ’ਤੇ ਭੇਟ ਕੀਤੀਆਂ। ਇਸ ਸ਼ਾਹੀ ਮਹਿਲ ਵਿੱਚ ਸ਼ੇਰ-ਏ-ਪੰਜਾਬ ਦੀ ਬਹਾਦਰੀ ਦੀਆਂ ਵਾਰਾਂ ਗੂੰਜੀਆਂ। ਉਥੇ ਹੀ ਖੰਡਰ ਦਾ ਰੂਪ ਰੂਪ ਧਾਰਨ ਕਰ ਚੁੱਕੇ ਇਸ ਮਹਿਲ ਦੀ ਸਾਂਭ ਸੰਭਾਲ ਦੀ ਮੰਗ ਵੀ ਕੀਤੀ ਗਈ।
ਸ਼ੇਰ-ਏ-ਪੰਜਾਬ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵਿਰਾਸਤੀ ਮੰਚ ਬਟਾਲਾ ਦੇ ਨੁਮਾਇੰਦੇ ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਉਹ ਬਾਦਸ਼ਾਹ ਸਨ ਜਿਨ੍ਹਾਂ ਨੇ ਨਾ ਸਿਰਫ਼ ਲੜਾਈਆਂ ਜਿੱਤੀਆਂ ਸਗੋਂ ਆਪਣੇ ਗੁਣਾਂ ਸਦਕਾ ਲੋਕਾਂ ਦਾ ਦਿਲ ਵੀ ਜਿੱਤਿਆ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬੀਆਂ ਦਾ ਨਾਇਕ ਹੈ ਅਤੇ ਇਹੀ ਕਾਰਨ ਹੈ ਕਿ ਅੱਜ ਵੀ ਹਰ ਪੰਜਾਬੀ ਸ਼ੇਰ-ਏ-ਪੰਜਾਬ ਅੱਗੇ ਸਿਰ ਝੁਕਾਉਂਦਾ ਹੈ।ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਕੋਮਲ ਸ਼ਾਸਨ ਦੀ ਮਿਸਾਲ ਅੱਜ ਵੀ ਪੂਰੀ ਦੁਨੀਆਂ ਵਿੱਚ ਦਿੱਤੀ ਜਾਂਦੀ ਹੈ। ਦੀਨਾਨਗਰ ਦੇ ਸ਼ਾਹੀ ਮਹਿਲ ਦੀ ਖਸਤਾ ਹਾਲਤ ‘ਤੇ ਅਫਸੋਸ ਪ੍ਰਗਟ ਕਰਦਿਆਂ ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜ ਦਰਿਆਵਾਂ ਦੇ ਸ਼ੇਰ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਮਹਿਲ ਦੀ ਹਾਲਤ ਖਸਤਾ ਹੋਣਾ ਸਾਡੇ ਸਾਰਿਆਂ ‘ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ।