ਅੰਮ੍ਰਿਤਸਰ ਏਅਰਪੋਰਟ ’ਤੇ 7.80 ਲੱਖ ਦਾ ਸੋਨਾ ਜ਼ਬਤ, ਦੁਬਈ ਤੋਂ ਅੰਮ੍ਰਿਤਸਰ ਪਹੁੰਚਿਆ ਸੀ ਵਿਅਕਤੀ

Spread the love

ਅੰਮ੍ਰਿਤਸਰ: ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 7.80 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਇਹ ਸੋਨਾ ਦੁਬਈ ਤੋਂ ਇਕ ਯਾਤਰੀ ਅਪਣੇ ਨਾਲ ਲੈ ਕੇ ਆਇਆ ਸੀ। ਪੁੱਛਗਿੱਛ ਦੌਰਾਨ ਉਹ ਸੋਨੇ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਇਸ ਤੋਂ ਬਾਅਦ ਉਸ ਤੋਂ ਸੋਨੇ ਦੀ ਖਰੀਦ ਸਬੰਧੀ ਦਸਤਾਵੇਜ਼ ਮੰਗੇ ਗਏ ਤਾਂ ਨੌਜਵਾਨ ਉਹ ਵੀ ਨਹੀਂ ਦਿਖਾ ਸਕਿਆ। ਇਸ ਤੋਂ ਬਾਅਦ ਸੋਨਾ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੁਬਈ ਤੋਂ ਪਰਤੇ ਸੁਖਦੇਵ ਸਿੰਘ ਕੋਲੋਂ 150 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਜਦੋਂ ਸੁਖਦੇਵ ਸਿੰਘ ਇਮੀਗ੍ਰੇਸ਼ਨ ਚੈੱਕ ਪੁਆਇੰਟ ‘ਤੇ ਪਹੁੰਚਿਆ ਤਾਂ ਉਸ ਦੇ ਬੈਗ ‘ਚ 150 ਗ੍ਰਾਮ ਦੇ ਕਰੀਬ ਸੋਨੇ ਦੇ ਗਹਿਣੇ ਸਨ। ਜਦੋਂ ਉਸ ਨੂੰ ਇਹਨਾਂ ਗਹਿਣਿਆਂ ਦੀ ਖਰੀਦ ਅਤੇ ਦਰਾਮਦ ਡਿਊਟੀ ਬਾਰੇ ਪੁੱਛਿਆ ਗਿਆ ਤਾਂ ਉਹ ਕੁਝ ਵੀ ਦੱਸਣ ਤੋਂ ਅਸਮਰੱਥ ਰਿਹਾ।

ਜਦੋਂ ਕਸਟਮ ਅਧਿਕਾਰੀਆਂ ਨੇ ਸੁਖਦੇਵ ਤੋਂ ਗਹਿਣਿਆਂ ਦੀ ਖਰੀਦ ਸਬੰਧੀ ਦਸਤਾਵੇਜ਼ ਮੰਗੇ ਤਾਂ ਉਹ ਉਹਨਾਂ ਬਾਰੇ ਵੀ ਕੁਝ ਨਹੀਂ ਦੱਸ ਸਕਿਆ। ਸੁਖਦੇਵ ਨੂੰ ਕਸਟਮ ਵਿਭਾਗ ਨੇ ਹਿਰਾਸਤ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿਚ ਸੋਨੇ ਦੇ ਗਹਿਣਿਆਂ ਦੀ ਕੀਮਤ ਕਰੀਬ 7.80 ਲੱਖ ਰੁਪਏ ਦੱਸੀ ਗਈ ਹੈ।ਕਸਟਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਯਾਤਰੀ ਆਪਣੇ ਨਾਲ ਸੋਨਾ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਟੈਕਸ ਸਮੇਤ ਵਿਕਰੀ ਦਾ ਬਿੱਲ ਦਿਖਾਉਣ ਲਈ ਕਿਹਾ ਜਾਂਦਾ ਹੈ। ਜੇਕਰ ਉਹ ਇਹ ਦਸਤਾਵੇਜ਼ ਦਿਖਾ ਦਿੰਦਾ ਹੈ ਤਾਂ ਉਸ ਨੂੰ ਛੱਡ ਦਿੱਤਾ ਜਾਂਦਾ ਹੈ।

Posted on 8th June 2022

Latest Post