ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਜੇ ਦਿਨ ਕਈ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਵਿਰੋਧੀ ਧਿਰਾਂ ਵਿਚਾਲੇ ਤਿੱਖੀ ਬਹਿਸ ਹੋਈ। ਇਸ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬੋਲਣ ਲਈ ਖੜ੍ਹੇ ਹੋਏ ਤਾਂ ਕਾਂਗਰਸ ਦੇ ਵਿਧਾਇਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਬੋਲਣ ਲਈ ਪੂਰਾ ਮੌਕਾ ਨਹੀਂ ਦਿੱਤਾ ਜਾ ਰਿਹਾ, ਇਸ ਮਗਰੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਹਰੇਕ ਨੂੰ ਤੈਅ ਸਮਾਂ ਦਿੱਤਾ ਜਾ ਚੁੱਕਿਆ ਹੈ।
ਇਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਵਾਕਆਊਟ ਕਰ ਦਿੱਤਾ। ਬਾਹਰ ਆ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਕੁੱਲੂ ਮਨਾਲੀ ਜਾਣਾ ਸੀ, ਇਸ ਲਈ ਸਦਨ ਦੀ ਕਾਰਵਾਈ ਖ਼ਤਮ ਕਰ ਦਿੱਤੀ ਗਈ। ਵਿਧਾਨ ਸਭਾ ਦੀ ਕਾਰਵਾਈ 2 ਵਜੇ ਤੱਕ ਹੋਣੀ ਤੈਅ ਸੀ। ਇਸ ਦੇ ਬਾਵਜੂਦ ਸਾਨੂੰ ਬੋਲਣ ਨਹੀਂ ਦਿੱਤਾ ਗਿਆ।
ਉਹਨਾਂ ਕਿਹਾ ਕਿ ਅਸੀਂ ਵਿਧਾਨ ਸਭਾ ਤੋਂ ਵਾਕਆਊਟ ਕਰ ਦਿੱਤਾ ਕਿਉਂਕਿ ਸਪੀਕਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਚਰਚਾ ਜਾਰੀ ਰਹਿਣੀ ਸੀ ਅਤੇ ਮੁੱਖ ਮੰਤਰੀ ਨੇ ਜਵਾਬ ਦੇਣਾ ਸੀ ਪਰ ਉਹਨਾਂ ਨੇ ਤਿਰੰਗਾ ਯਾਤਰਾ ਲਈ ਕੁੱਲੂ ਮਨਾਲੀ ਜਾਣਾ ਹੈ, ਇਸ ਲਈ ਸੈਸ਼ਨ ਨੂੰ ਤਵੱਜੋ ਨਹੀਂ ਦਿੱਤੀ।
ਕਾਂਗਰਸ ਦੇ ਵਾਕਾਊਟ ’ਤੇ ਤੰਜ਼ ਕੱਸਦਿਆਂ ਕਿਹਾ ਕਾਂਗਰਸ ਹਰ ਵਾਰ ਇਸ ਤਰ੍ਹਾਂ ਹੀ ਕਰਦੀ ਹੈ ਇਹਨਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਕਾਂਗਰਸ ਵਾਲੇ ਦਿੱਲੀ ਪਾਰਲੀਮੈਂਟ ਵਿਚ ਵੀ ਆਪਣਾ ਪੱਖ ਰੱਖ ਕੇ ਇਸ ਤਰ੍ਹਾਂ ਹੀ ਕਰਦੇ ਸਨ, ਇਹਨਾਂ ਵਿਚ ਹੋਰਾਂ ਨੂੰ ਸੁਣਨ ਦੀ ਸਮਰੱਥਾ ਨਹੀਂ ਹੈ।