ਮਰਹੂਮ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਸਮੇਤ ਚਾਰ ਭਾਰਤੀਆਂ ਨੂੰ ਪੁਲਿਤਜ਼ਰ ਪੁਰਸਕਾਰ ਨਾਲ ਕੀਤਾ ਸਨਮਾਨਿਤ

Spread the love

ਨਵੀਂ ਦਿੱਲੀ: ਮਰਹੂਮ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਸਮੇਤ ਚਾਰ ਭਾਰਤੀਆਂ ਨੂੰ ਫੀਚਰ ਫੋਟੋਗ੍ਰਾਫੀ ਸ਼੍ਰੇਣੀ ਵਿਚ ਵੱਕਾਰੀ ਪੁਲਿਤਜ਼ਰ ਪੁਰਸਕਾਰ 2022 ਨਾਲ ਸਨਮਾਨਿਤ ਕੀਤਾ ਗਿਆ ਹੈ। ਦਾਨਿਸ਼ ਸਿੱਦੀਕੀ ਪਿਛਲੇ ਸਾਲ ਅਫਗਾਨਿਸਤਾਨ ‘ਚ ਤਾਲਿਬਾਨ ਦੇ ਸੱਤਾ ‘ਤੇ ਕਾਬਜ਼ ਹੋਣ ਦੌਰਾਨ ਹੋਏ ਸੰਘਰਸ਼ ਦੀ ਕਵਰੇਜ ਦੌਰਾਨ ਮਾਰੇ ਗਏ ਸੀ। ਰਾਇਟਰਜ਼ ਦੇ ਫੋਟੋਗ੍ਰਾਫਰ ਦਾਨਿਸ਼ ਸਿੱਦੀਕੀ ਦੇ ਨਾਲ ਅਦਨਾਨ ਆਬਿਦੀ, ਸਨਾ ਇਰਸ਼ਾਦ ਮੱਟੂ ਅਤੇ ਅਮਿਤ ਦਵੇ ਨੂੰ ਭਾਰਤ ਵਿਚ ਕੋਵਿਡ ਮੌਤਾਂ ਦੀਆਂ ਤਸਵੀਰਾਂ ਲਈ ਪੁਲਿਤਜ਼ਰ ਨਾਲ ਸਨਮਾਨਿਤ ਕੀਤਾ ਗਿਆ।

ਅਮਰੀਕਾ ਦੀ ਵੱਕਾਰੀ ਪੁਲਿਤਜ਼ਰ ਪੁਰਸਕਾਰ ਵੈੱਬਸਾਈਟ ਮੁਤਾਬਕ  ਰਾਇਟਰਜ਼ ਨਿਊਜ਼ ਏਜੰਸੀ ਦੇ ਸਿੱਦੀਕੀ ਅਤੇ ਉਸ ਦੇ ਸਹਿਯੋਗੀ ਅਦਨਾਨ ਆਬਿਦੀ, ਸਨਾ ਇਰਸ਼ਾਦ ਮੱਟੂ ਅਤੇ ਅਮਿਤ ਦਵੇ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਦਾਨਿਸ਼ ਸਿੱਦੀਕੀ (38) ਅਫਗਾਨਿਸਤਾਨ ਵਿਚ ਡਿਊਟੀ ‘ਤੇ ਸੀ। ਪਿਛਲੇ ਸਾਲ ਜੁਲਾਈ ਵਿਚ ਕੰਧਾਰ ਸ਼ਹਿਰ ਦੇ ਸਪਿਨ ਬੋਲਦਾਕ ਜ਼ਿਲ੍ਹੇ ਵਿਚ ਅਫਗਾਨ ਫੌਜਾਂ ਅਤੇ ਤਾਲਿਬਾਨ ਦਰਮਿਆਨ ਝੜਪਾਂ ਨੂੰ ਕਵਰ ਕਰਦੇ ਹੋਏ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ।

ਇਹ ਦੂਜੀ ਵਾਰ ਹੈ ਜਦੋਂ ਸਿੱਦੀਕੀ ਨੇ ਪੁਲਿਤਜ਼ਰ ਪੁਰਸਕਾਰ ਜਿੱਤਿਆ ਹੈ। ਉਸ ਨੂੰ ਰੋਹਿੰਗਿਆ ਸੰਕਟ ਦੀ ਕਵਰੇਜ ਲਈ ਰਾਇਟਰਜ਼ ਟੀਮ ਦੇ ਹਿੱਸੇ ਵਜੋਂ 2018 ਵਿਚ ਇਹ ਵੱਕਾਰੀ ਪੁਰਸਕਾਰ ਦਿੱਤਾ ਗਿਆ ਸੀ। ਉਸ ਨੇ ਅਫਗਾਨਿਸਤਾਨ ਸੰਘਰਸ਼, ਹਾਂਗਕਾਂਗ ਦੇ ਵਿਰੋਧ ਪ੍ਰਦਰਸ਼ਨਾਂ ਅਤੇ ਏਸ਼ੀਆ, ਮੱਧ ਪੂਰਬ ਅਤੇ ਯੂਰਪ ਦੀਆਂ ਹੋਰ ਪ੍ਰਮੁੱਖ ਘਟਨਾਵਾਂ ਨੂੰ ਵਿਆਪਕ ਤੌਰ ‘ਤੇ ਕਵਰ ਕੀਤਾ ਹੈ।

ਦਾਨਿਸ਼ ਸਿੱਦੀਕੀ ਨੇ ਜਾਮੀਆ ਮਿਲੀਆ ਇਸਲਾਮੀਆ ਦਿੱਲੀ ਤੋਂ ਅਰਥ ਸ਼ਾਸਤਰ ਵਿਚ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਸ ਨੇ 2007 ਵਿਚ ਜਾਮੀਆ ਦੇ ਏਜੇਕੇ ਮਾਸ ਕਮਿਊਨੀਕੇਸ਼ਨ ਰਿਸਰਚ ਸੈਂਟਰ ਤੋਂ ਡਿਗਰੀ ਲਈ। ਉਸ ਨੇ ਆਪਣਾ ਕੈਰੀਅਰ ਟੈਲੀਵਿਜ਼ਨ ਖ਼ਬਰਾਂ ਲਈ ਇਕ ਪੱਤਰਕਾਰ ਵਜੋਂ ਸ਼ੁਰੂ ਕੀਤਾ, ਬਾਅਦ ਵਿਚ ਉਹ ਫੋਟੋ ਪੱਤਰਕਾਰੀ ਵੱਲ ਮੁੜਿਆ। 2010 ਵਿਚ ਉਹ ਰੋਇਟਰਜ਼ ਵਿਚ ਇਕ ਇੰਟਰਨ ਵਜੋਂ ਸ਼ਾਮਲ ਹੋਇਆ ਸੀ।

Posted on 10th May 2022

Latest Post