ਨਵੀਂ ਦਿੱਲੀ- ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੀ ਜਾਂਚ ਲਈ ਮਾਹਿਰਾਂ ਦੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਜਲਦੀ ਹੀ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਗੁਣਵੱਤਾ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ ਲਾਪਰਵਾਹੀ ਕਰਨ ਵਾਲੀਆਂ ਕੰਪਨੀਆਂ ‘ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਜੇਕਰ ਜਾਂਚ ਵਿੱਚ ਕਿਸੇ ਕੰਪਨੀ ਦੀ ਅਣਗਹਿਲੀ ਪਾਈ ਗਈ ਤਾਂ ਉਸ ‘ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਸਾਰੇ ਖਰਾਬ ਵਾਹਨਾਂ ਨੂੰ ਬਾਜ਼ਾਰ ‘ਚੋਂ ਵਾਪਸ ਮੰਗਵਾਉਣ ਦੇ ਆਦੇਸ਼ ਦਿੱਤੇ ਜਾਣਗੇ। ਗਡਕਰੀ ਨੇ ਕਿਹਾ ਕਿ ਕਮੇਟੀ ਦੀ ਰਿਪੋਰਟ ਆਉਣ ਤੱਕ ਕੰਪਨੀਆਂ ਆਪਣੇ ਤੌਰ ‘ਤੇ ਬਜ਼ਾਰ ‘ਚ ਆਏ ਸਾਰੇ ਖਰਾਬ ਵਾਹਨਾਂ ਨੂੰ ਵਾਪਸ ਮੰਗਵਾਉਣ ਲਈ ਕਾਰਵਾਈ ਕਰ ਸਕਦੀਆਂ ਹਨ।
ਕੇਂਦਰੀ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ : ਨਿਤਿਨ ਗਡਕਰੀ ਨੇ ਵੀਰਵਾਰ ਨੂੰ ਟਵੀਟ ਕਰਕੇ ਕਿਹਾ, ‘ਪਿਛਲੇ ਦੋ ਮਹੀਨਿਆਂ ‘ਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਨਾਲ ਜੁੜੇ ਕਈ ਹਾਦਸੇ ਸਾਹਮਣੇ ਆਏ ਹਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਨ੍ਹਾਂ ਘਟਨਾਵਾਂ ਵਿੱਚ ਕੁਝ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਕਈ ਜ਼ਖਮੀ ਹੋਏ ਹਨ। ਉਨ੍ਹਾਂ ਅੱਗੇ ਕਿਹਾ, ‘ਅਸੀਂ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਮਾਹਿਰਾਂ ਦੀ ਕਮੇਟੀ ਬਣਾਈ ਹੈ। ਇਸ ਦੇ ਨਾਲ ਹੀ ਇਹ ਕਮੇਟੀ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਉਪਾਅ ਵੀ ਸੁਝਾਏਗੀ। ਕਮੇਟੀ ਦੀਆਂ ਰਿਪੋਰਟਾਂ ਦੇ ਆਧਾਰ ‘ਤੇ ਗਲਤੀ ਕਰਨ ਵਾਲੀਆਂ ਕੰਪਨੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।ਅੱਗ ਲੱਗਣ ਦੀ ਘਟਨਾ ਮਾਰਚ ਤੋਂ ਸ਼ੁਰੂ ਹੋਈ ਸੀ : ਇਲੈਕਟ੍ਰਿਕ ਸਕੂਟਰ ਨੂੰ ਅੱਗ ਲੱਗਣ ਦਾ ਪਹਿਲਾ ਮਾਮਲਾ 26 ਮਾਰਚ ਨੂੰ ਸਾਹਮਣੇ ਆਇਆ ਸੀ, ਜਦੋਂ ਪੁਣੇ ਵਿੱਚ ਓਲਾ ਏ1 ਪ੍ਰੋ ਇਲੈਕਟ੍ਰਿਕ ਸਕੂਟਰ ਨੂੰ ਅੱਗ ਲੱਗ ਗਈ ਸੀ। ਇਸ ਘਟਨਾ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ। 26 ਮਾਰਚ ਦੀ ਸ਼ਾਮ ਨੂੰ ਤਾਮਿਲਨਾਡੂ ਦੇ ਵੇਲੋਰ ਵਿੱਚ ਓਕੀਨਾਵਾ ਦੇ ਇੱਕ ਇਲੈਕਟ੍ਰਿਕ ਸਕੂਟਰ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਸੀ।ਦੋ ਦਿਨ ਬਾਅਦ 30 ਮਾਰਚ ਨੂੰ ਚੇਨਈ ਵਿੱਚ ਪਿਓਰ ਈਵੀ ਦੇ ਇੱਕ ਇਲੈਕਟ੍ਰਿਕ ਸਕੂਟਰ ਨੂੰ ਅੱਗ ਲੱਗ ਗਈ ਸੀ। 11 ਅਪ੍ਰੈਲ ਨੂੰ ਨਾਸਿਕ ‘ਚ ਟਰੱਕ ‘ਚ ਲੱਦੇ ਸਕੂਟਰਾਂ ‘ਚ ਅੱਗ ਲੱਗ ਗਈ ਸੀ। ਪਿਛਲੇ ਹਫਤੇ, ਓਕੀਨਾਵਾ ਨੇ ਆਪਣੇ ‘ਪ੍ਰੇਜ਼ ਪ੍ਰੋ’ ਮਾਡਲ ਦੀਆਂ 3,215 ਯੂਨਿਟਾਂ ਵਾਪਸ ਮੰਗਵਾਈਆਂ। ਸਰਕਾਰ ਨੇ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ 28 ਮਾਰਚ ਨੂੰ ਮਾਹਿਰਾਂ ਦੀ ਟੀਮ ਨਿਯੁਕਤ ਕੀਤੀ ਹੈ। ਟੀਮ ਨੇ 7 ਅਪ੍ਰੈਲ ਨੂੰ ਓਲਾ ਇਲੈਕਟ੍ਰਿਕ ਅਤੇ ਓਕੀਨਾਵਾ ਸਕੂਟਰਾਂ ਦੀਆਂ ਤਕਨੀਕੀ ਟੀਮਾਂ ਤੋਂ ਉਨ੍ਹਾਂ ਦੇ ਇਲੈਕਟ੍ਰਿਕ ਵਾਹਨਾਂ ‘ਚ ਅੱਗ ਲੱਗਣ ਦੀਆਂ ਘਟਨਾਵਾਂ ‘ਤੇ ਸਪੱਸ਼ਟੀਕਰਨ ਮੰਗਿਆ ਸੀ।