Moga : ਲਾਪਤਾ ਰਮਨਦੀਪ ਕੌਰ ਦਾ 13 ਦਿਨ ਬਾਅਦ ਵੀ ਨਹੀਂ ਕੋਈ ਸੁਰਾਗ਼ ! ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ, ਰੱਖਿਆ ਇਨਾਮ

Spread the love

Moga Missing Case : ਪੀਟੀਸੀ ਨਿਊਜ਼ ਰਾਹੀਂ ਪਰਿਵਾਰ ਨੇ ਜਿੱਥੇ ਰਮਨਦੀਪ ਕੌਰ ਨੂੰ ਭਾਵੁਕ ਅਪੀਲ ਕਰਦਿਆਂ ਘਰ ਵਾਪਸ ਪਰਤਣ ਦੀ ਬੇਨਤੀ ਕੀਤੀ, ਉੱਥੇ ਹੀ ਆਮ ਲੋਕਾਂ ਨੂੰ ਵੀ ਹੱਥ ਜੋੜ ਕੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਰਮਨਦੀਪ ਕੌਰ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪਰਿਵਾਰ ਨਾਲ ਸੰਪਰਕ ਕੀਤਾ ਜਾਵੇ।

Moga Missing Case : ਪਿਛਲੀ 13 ਨਵੰਬਰ ਤੋਂ ਲਾਪਤਾ ਹੋਈ ਰਮਨਦੀਪ ਕੌਰ (Ramandeep Kaur Missing Case) ਦਾ ਅਜੇ ਤੱਕ ਕੋਈ ਥਹੁ-ਪਤਾ ਨਹੀਂ ਲੱਗ ਸਕਿਆ, ਜਿਸ ਕਾਰਨ ਉਸ ਦੇ ਪੇਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਆਪਣੀ ਧੀ ਅਤੇ ਭੈਣ ਦੀ ਭਾਲ ਵਿੱਚ ਪਰਿਵਾਰਕ ਮੈਂਬਰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਅੱਜ ਪੀਟੀਸੀ ਨਿਊਜ਼ ਰਾਹੀਂ ਪਰਿਵਾਰ ਨੇ ਜਿੱਥੇ ਰਮਨਦੀਪ ਕੌਰ ਨੂੰ ਭਾਵੁਕ ਅਪੀਲ ਕਰਦਿਆਂ ਘਰ ਵਾਪਸ ਪਰਤਣ ਦੀ ਬੇਨਤੀ ਕੀਤੀ, ਉੱਥੇ ਹੀ ਆਮ ਲੋਕਾਂ ਨੂੰ ਵੀ ਹੱਥ ਜੋੜ ਕੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਰਮਨਦੀਪ ਕੌਰ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪਰਿਵਾਰ ਨਾਲ ਸੰਪਰਕ ਕੀਤਾ ਜਾਵੇ। ਪਰਿਵਾਰ ਵੱਲੋਂ ਸਹੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 21 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ।

ਅਜੇ ਤੱਕ ਨਹੀਂ ਹੋਈ ਸੁਰਾਗ਼

ਜਾਣਕਾਰੀ ਅਨੁਸਾਰ, ਰਮਨਦੀਪ ਕੌਰ ਦੇ ਪੇਕੇ ਪਿੰਡ ਚੁੱਘਾ ਖੁਰਦ ਵਿਖੇ ਰਹਿ ਰਹੀ ਉਸ ਦੀ ਬਿਰਧ ਮਾਤਾ, ਭਰਾ, ਚਚੇਰੇ ਭਰਾ ਅਤੇ ਚਾਚੀ ਨੇ ਦੱਸਿਆ ਕਿ ਉਹ ਰਮਨਦੀਪ ਦੀ ਭਾਲ ਲਈ ਤਰਨਤਾਰਨ ਸ੍ਰੀ ਦਰਬਾਰ ਸਾਹਿਬ ਸਮੇਤ ਕਈ ਧਾਰਮਿਕ ਸਥਾਨਾਂ ਅਤੇ ਹੋਰ ਰਹਿਣ-ਬਸੇਰਿਆਂ ਤੱਕ ਜਾ ਚੁੱਕੇ ਹਨ, ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।

10 ਦਿਨ ਪਹਿਲਾਂ ਚਾਚੀ ਨੂੰ ਫੋਨ ਕਰਕੇ ਕਹੀ ਸੀ ਨਿਰਾਸ਼ਾ ਭਰੀ ਗੱਲ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਮਨਦੀਪ ਕੌਰ ਦਾ ਲਗਭਗ 18 ਸਾਲ ਪਹਿਲਾਂ ਬਾਘਾ ਪੁਰਾਣਾ ਦੀ ਗਾਧਾ ਸਿੰਘ ਬਸਤੀ ਵਿਖੇ ਵਿਆਹ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਵੀ ਹਨ। ਇਸ ਮੌਕੇ ਪਰਮਪਾਲ ਸਿੰਘ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਰਮਨਦੀਪ ਕੌਰ ਨੂੰ ਉਸ ਦਾ ਪਤੀ ਸ਼ਰਾਬ ਪੀ ਕੇ ਕਥਿਤ ਤੌਰ ‘ਤੇ ਕੁੱਟਦਾ-ਮਾਰਦਾ ਅਤੇ ਤੰਗ-ਪਰੇਸ਼ਾਨ ਕਰਦਾ ਸੀ। ਉਨ੍ਹਾਂ ਦੱਸਿਆ ਕਿ ਘਰ ਛੱਡਣ ਤੋਂ ਕਰੀਬ 10 ਦਿਨ ਪਹਿਲਾਂ ਵੀ ਰਮਨਦੀਪ ਕੌਰ ਨੇ ਆਪਣੀ ਚਾਚੀ ਨੂੰ ਫੋਨ ਕਰਕੇ ਕਿਹਾ ਸੀ ਕਿ ਹੁਣ ਉਹ ਘਰ ਵਾਪਸ ਨਹੀਂ ਪਰਤੇਗੀ, ਭਾਵੇਂ ਉਸ ਨੂੰ ਕਿਸੇ ਗੁਰੂ ਘਰ ਵਿੱਚ ਰਹਿ ਕੇ ਹੀ ਆਪਣੀ ਜ਼ਿੰਦਗੀ ਕਿਉਂ ਨਾ ਬਤੀਤ ਕਰਨੀ ਪਵੇ। ਪਰਿਵਾਰ ਨੇ ਇਸ ਸਬੰਧੀ ਇੱਕ ਆਡੀਓ ਰਿਕਾਰਡਿੰਗ ਵੀ ਪੀਟੀਸੀ ਨਿਊਜ਼ ਨੂੰ ਦਿਖਾਈ।

ਸੀਸੀਟੀਵੀ ਫੁਟੇਜ਼ ਰਾਹੀਂ ਭਾਲ ਦੀ ਗੱਲ

ਇਸ ਤੋਂ ਇਲਾਵਾ ਰਮਨਦੀਪ ਕੌਰ ਦੀਆਂ ਵੱਖ-ਵੱਖ ਥਾਵਾਂ ਤੋਂ ਲੰਘਣ ਦੀਆਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਉਣ ਦੀ ਗੱਲ ਪਰਿਵਾਰ ਵੱਲੋਂ ਦੱਸੀ ਗਈ ਹੈ, ਜਿਸ ਦੇ ਆਧਾਰ ‘ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

ਪਰਿਵਾਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਰਮਨਦੀਪ ਕੌਰ ਜਿੱਥੇ ਵੀ ਹੈ, ਸੁਰੱਖਿਅਤ ਰਹੇ ਅਤੇ ਜੇਕਰ ਉਹ ਇਹ ਖ਼ਬਰ ਦੇਖ ਰਹੀ ਹੈ ਤਾਂ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਘਰ ਵਾਪਸ ਪਰਤ ਆਵੇ। ਉਸ ਦੇ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਉਸ ਦੀ ਉਡੀਕ ਵਿੱਚ ਨਮ ਹਨ। ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੀ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਰਮਨਦੀਪ ਕੌਰ ਦੀ ਭਾਲ ਲਈ ਵਿਸ਼ੇਸ਼ ਯਤਨ ਕੀਤੇ ਜਾਣ।

ਉੱਧਰ, ਦੂਜੇ ਪਾਸੇ ਪਤੀ ਵੱਲੋਂ ਵੀ ਭਾਲ ਕਰਨ ਦਾ ਦਾਅਵਾ

ਦੂਜੇ ਪਾਸੇ ਰਮਨਦੀਪ ਕੌਰ ਦੇ ਪਤੀ ਅਰਸ਼ਦੀਪ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਰਮਨਦੀਪ ਕੌਰ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ। ਪਤੀ ਅਤੇ ਉਸ ਦੇ ਪਰਿਵਾਰ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਰਮਨਦੀਪ ਕੌਰ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ।

ਫਿਲਹਾਲ, ਰਮਨਦੀਪ ਕੌਰ ਦੇ ਲਾਪਤਾ ਹੋਣ ਦਾ ਮਾਮਲਾ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਦੀ ਜਾਂਚ ਦੌਰਾਨ ਰਮਨਦੀਪ ਕੌਰ ਬਾਰੇ ਕੀ ਜਾਣਕਾਰੀ ਸਾਹਮਣੇ ਆਉਂਦੀ ਹੈ ਅਤੇ ਪਰਿਵਾਰ ਨੂੰ ਆਪਣੀ ਧੀ ਦੀ ਸਹੀ ਸਲਾਮਤ ਵਾਪਸੀ ਦੀ ਖ਼ੁਸ਼ਖ਼ਬਰੀ ਕਦੋਂ ਮਿਲਦੀ ਹੈ।

METRO  TIME NEWS

Posted on 26th November 2026

Latest Post