ਹੁਣ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਨਹੀਂ ਦਿਖਾਈ ਦੇਣਗੇ ਰੋਨਾਲਡੋ

Cristiano Ronaldo retires : ਦੁਨੀਆ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿੱਚੋਂ ਇੱਕ ਕ੍ਰਿਸਟੀਆਨੋ ਰੋਨਾਲਡੋ ਨੇ ਪੁਰਤਗਾਲੀ ਰਾਸ਼ਟਰੀ ਟੀਮ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸਦਾ ਮਤਲਬ ਹੈ ਕਿ ਰੋਨਾਲਡੋ ਪੁਰਤਗਾਲ ਲਈ ਦੁਬਾਰਾ ਕਦੇ ਫੁੱਟਬਾਲ ਨਹੀਂ ਖੇਡਣਗੇ। 41 ਸਾਲਾ ਖਿਡਾਰੀ ਦਾ ਕਲੱਬ ਕਰੀਅਰ ਫਿਲਹਾਲ ਜਾਰੀ ਰਹੇਗਾ। ਰੋਨਾਲਡੋ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ “ਪੁਰਤਗਾਲ ਹਮੇਸ਼ਾ ਮੇਰੇ ਵਿੱਚ ਰਹੇਗਾ।”
41 ਸਾਲਾ ਦਿੱਗਜ ਫੁੱਟਬਾਲਰ ਨੇ ਵੀਡੀਓ ਪੋਸਟ ਕਰਕੇ ਆਪਣੇ ਰਿਟਾਇਰਮੈਂਟ ਦਾ ਐਲਾਨ ਕੀਤਾ। ਇਸੇ ਦੇ ਨਾਲ ਉਨ੍ਹਾਂ ਨੇ ਆਪਣੇ 23 ਸਾਲ ਦੇ ਲੰਬੇ ਕਰੀਅਰ ਦਾ ਵੀ ਅੰਤ ਕੀਤਾ। ਰੋਨਾਲਡੋ ਫੁੱਟਬਾਲ ਦੇ ਸਭ ਤੋਂ ਮਹਾਨ ਖਿਡਾਰੀਆਂ ‘ਚੋਂ ਰਹੇ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੂੰ ਲੈ ਕੇ ਕੁਝ ਵਿਵਾਦ ਵੀ ਸਾਹਮਣੇ ਆਏ।
ਹੁਣ ਉਨ੍ਹਾਂ ਨੇ ਇੰਟਰਨੈਸ਼ਨਲ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਹੈ ਅਤੇ ਪੁਰਤਗਾਲ ਲਈ ਖੇਡਦੇ ਹੋਏ ਨਜ਼ਰ ਨਹੀਂ ਆਉਣਗੇ। ਉਨ੍ਹਾਂ ਨੇ ਆਪਣੇ ਦੇਸ਼ ਲਈ ਪੰਜ ਵਰਲਡ ਕੱਪ ਖੇਡੇ ਅਤੇ ਛੇ ਵਾਰ ਯੂਰੋਪੀਅਨ ਚੈਂਪੀਅਨਸ਼ਿਪ ਵਿੱਚ ਟੀਮ ਦੀ ਨੁਮਾਇੰਦਗੀ ਕੀਤੀ।
ਰੋਨਾਲਡੋ ਨੇ 2003 ਵਿੱਚ ਕਜ਼ਾਕਿਸਤਾਨ ਖ਼ਿਲਾਫ਼ ਇੰਟਰਨੈਸ਼ਨਲ ਫੁੱਟਬਾਲ ਵਿੱਚ ਕਦਮ ਰੱਖਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਫੁੱਟਬਾਲ ‘ਤੇ ਰਾਜ ਕੀਤਾ ਅਤੇ ਖ਼ੁਦ ਨੂੰ ਮਹਾਨ ਫੁੱਟਬਾਲਰ ਦੇ ਰੂਪ ਵਿੱਚ ਸਥਾਪਿਤ ਕੀਤਾ। ਰੋਨਾਲਡੋ ਨੇ ਆਪਣਾ ਆਖ਼ਰੀ ਮੈਚ ਫੀਫ਼ਾ ਵਰਲਡ ਕੱਪ 2026 ਵਿੱਚ ਵੇਲਜ਼ ਖ਼ਿਲਾਫ਼ ਖੇਡਿਆ ਸੀ। ਉਨ੍ਹਾਂ ਦੇ ਸੰਨਿਆਸ ਦਾ ਫ਼ੈਸਲਾ ਵੀ ਵਿਸ਼ਵ ਕੱਪ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਆਇਆ ਹੈ। ਰੋਨਾਲਡੋ ਨੇ ਪੁਰਤਗਾਲ ਲਈ ਪੰਜ ਵਿਸ਼ਵ ਕੱਪ ਖੇਡੇ ਪਰ ਆਪਣੀ ਨੈਸ਼ਨਲ ਟੀਮ ਨੂੰ ਵਰਲਡ ਕੱਪ ਵਿੱਚ ਜਿੱਤ ਨਹੀਂ ਦਿਵਾ ਸਕੇ।
ਉਨ੍ਹਾਂ ਨੇ ਫੀਫ਼ਾ ਵਿਸ਼ਵ ਕੱਪ ਤੋਂ ਪਹਿਲਾਂ ਹੀ ਪੁਸ਼ਟੀ ਕਰ ਦਿੱਤੀ ਸੀ ਕਿ ਇਹ ਉਨ੍ਹਾਂ ਦਾ ਆਖ਼ਰੀ ਟੂਰਨਾਮੈਂਟ ਹੋਵੇਗਾ। ਹੁਣ ਉਨ੍ਹਾਂ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਰੋਨਾਲਡੋ ਨੇ ਇੱਕ ਵੀਡੀਓ ਸ਼ੇਅਰ ਕਰਕੇ ਸੰਨਿਆਸ ਦਾ ਐਲਾਨ ਕੀਤਾ ਹੈ। ਹਾਲ ਹੀ ਵਿੱਚ ਉਨ੍ਹਾਂ ‘ਤੇ ਪੁਰਤਗਾਲ ਫੁੱਟਬਾਲ ਮਹਾਸੰਘ ਨੇ 30 ਦਿਨਾਂ ਦੀ ਪਾਬੰਦੀ ਲਗਾਈ ਸੀ। ਉਨ੍ਹਾਂ ‘ਤੇ ਨੈਸ਼ਨਲ ਕੈਂਪ ਛੱਡਣ ਦਾ ਦੋਸ਼ ਸੀ।
ਸੰਨਿਆਸ ਦਾ ਐਲਾਨ ਕਰਦਿਆਂ ਰੋਨਾਲਡੋ ਨੇ ਕਿਹਾ ਕਿ “ਮੈਂ ਸਾਫ਼ ਮਨ ਨਾਲ ਜਾ ਰਿਹਾ ਹਾਂ। ਮੈਨੂੰ ਪਤਾ ਹੈ ਕਿ ਮੈਂ ਇਸ ਜਰਸੀ ਲਈ ਆਪਣਾ ਸਭ ਕੁਝ ਦਿੱਤਾ ਹੈ।” ਉਨ੍ਹਾਂ ਨੇ ਇਸ ਦੌਰਾਨ ਆਪਣੀਆਂ ਦੋ ਦਹਾਕਿਆਂ ਤੋਂ ਵੱਧ ਦੀਆਂ ਇੰਟਰਨੈਸ਼ਨਲ ਪ੍ਰਾਪਤੀਆਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਪੁਰਤਗਾਲ ਨੂੰ ਫੁੱਟਬਾਲ ਦੀ ਦੁਨੀਆ ਵਿੱਚ ਨਵੀਂ ਪਛਾਣ ਦਿੱਤੀ।
ਰੋਨਾਲਡੋ ਦੀ ਅਗਵਾਈ ਹੇਠ ਪੁਰਤਗਾਲ ਨੇ ਯੂਰੋ 2004 ਤੋਂ ਲੈ ਕੇ 2026 ਵਿਸ਼ਵ ਕੱਪ ਤੱਕ ਹਰ ਯੂਰਪੀਅਨ ਚੈਂਪੀਅਨਸ਼ਿਪ ਅਤੇ ਵਿਸ਼ਵ ਕੱਪ ਲਈ ਸਫਲਤਾਪੂਰਵਕ ਕੁਆਲੀਫਾਈ ਕੀਤਾ।
METRO TIME NEWS