ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਵਿੱਚ ਆਪਣੀ ਭੂਮਿਕਾ ਨੂੰ ਲੈ ਕੇ ਆਪਣੇ ਬਿਆਨ ਤੋਂ ਪਲਟ ਗਏ ਹਨ। ਉਨ੍ਹਾਂ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਨੂੰ ਸ਼ਾਂਤ ਕਰਨ ਵਿੱਚ ਮਦਦ ਕੀਤੀ ਹੈ, ਪਰ ਇਹ ਵੀ ਕਿਹਾ ਕਿ ਉਹ ਸਿੱਧੇ ਤੌਰ ‘ਤੇ ਇਹ ਨਹੀਂ ਕਹਿਣਾ ਚਾਹੁੰਦੇ ਕਿ ਉਨ੍ਹਾਂ ਨੇ ਵਿਚੋਲਗੀ ਕੀਤੀ ਸੀ। ਅਮਰੀਕੀ ਮਿਲਟਰੀ ਨੂੰ ਸੰਬੋਧਤ ਕਰਦੇ ਹੋਏ ਇੱਕ ਸਮਾਗਮ ਦੌਰਾਨ ਦੌਰਾਨ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਵਿਚੋਲਗੀ ਕੀਤੀ, ਪਰ ਮੈਂ ਉਸ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕੀਤੀ ਜੋ ਪਿਛਲੇ ਹਫ਼ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਰ ਖ਼ਤਰਨਾਕ ਹੁੰਦੀ ਜਾ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ 10 ਮਈ ਨੂੰ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ। ਟਰੰਪ ਨੇ ਇਸ ਬਾਰੇ ਟਵੀਟ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਇੱਕ ਪੂਰਨ ਅਤੇ ਤੁਰੰਤ ਜੰਗਬੰਦੀ ‘ਤੇ ਸਹਿਮਤ ਹੋ ਗਏ ਹਨ। ਦੋਵਾਂ ਦੇਸ਼ਾਂ ਨੂੰ ਆਮ ਸਮਝ ਅਤੇ ਮਹਾਨ ਸਿਆਣਪ ਦਾ ਪ੍ਰਦਰਸ਼ਨ ਕਰਨ ਲਈ ਵਧਾਈਆਂ। ਅਮਰੀਕਾ ਨੇ ਜੰਗਬੰਦੀ ਦੇ ਫੈਸਲੇ ਨੂੰ ਦੋਵਾਂ ਦੇਸ਼ਾਂ ਦੀ ਸਿਆਣਪ ਅਤੇ ਬੁੱਧੀਮਾਨੀ ਦੱਸਿਆ ਸੀ। ਟਰੰਪ ਨੇ ਇਸ ਫੈਸਲੇ ਲਈ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਵਧਾਈ ਵੀ ਦਿੱਤੀ ਸੀ। ਹਾਲਾਂਕਿ, ਭਾਰਤ ਸਰਕਾਰ ਨੇ ਟਰੰਪ ਦੇ ਇਸ ਦਾਅਵੇ ਨੂੰ ਵੀ ਰੱਦ ਕਰ ਦਿੱਤਾ ਕਿ ਉਸ ਨੇ ਵਪਾਰ ਬੰਦ ਕਰਨ ਦੀ ਧਮਕੀ ਦੇ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਲਿਆਉਣ ਵਿੱਚ ਮਦਦ ਕੀਤੀ ਸੀ। ਸਰਕਾਰ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਪਾਕਿਸਤਾਨ ਨਾਲ ਫੌਜੀ ਤਣਾਅ ਦੌਰਾਨ ਭਾਰਤ ਅਤੇ ਅਮਰੀਕਾ ਵਿਚਕਾਰ ਕਿਸੇ ਵੀ ਚਰਚਾ ਦੌਰਾਨ ਵਪਾਰ ਦਾ ਮੁੱਦਾ ਨਹੀਂ ਉਠਾਇਆ ਗਿਆ ਸੀ। ਡੋਨਾਲਡ ਟਰੰਪ ਦੀਆਂ ਟਿੱਪਣੀਆਂ ‘ਤੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸਪੱਸ਼ਟ ਕੀਤਾ ਸੀ ਕਿ ‘ਪਾਕਿਸਤਾਨ ਨਾਲ ਤਣਾਅਪੂਰਨ ਰੁਕਾਵਟ ਦੌਰਾਨ ਭਾਰਤੀ ਅਤੇ ਅਮਰੀਕੀ ਲੀਡਰਸ਼ਿਪ ਸੰਪਰਕ ਵਿੱਚ ਸਨ, ਪਰ ਵਪਾਰ ‘ਤੇ ਕੋਈ ਚਰਚਾ ਨਹੀਂ ਹੋਈ। ਇੱਕ ਬਿਆਨ ਵਿੱਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ 7 ਮਈ ਨੂੰ ਆਪ੍ਰੇਸ਼ਨ ਸਿੰਦੂਰ ਦੀ ਸ਼ੁਰੂਆਤ ਤੋਂ ਲੈ ਕੇ 10 ਮਈ ਨੂੰ ਗੋਲੀਬਾਰੀ ਅਤੇ ਫੌਜੀ ਕਾਰਵਾਈ ਰੋਕਣ ਲਈ ਸਮਝੌਤੇ ਤੱਕ ਭਾਰਤੀ ਅਤੇ ਅਮਰੀਕੀ ਨੇਤਾਵਾਂ ਵਿਚਕਾਰ ਉੱਭਰ ਰਹੀ ਫੌਜੀ ਸਥਿਤੀ ‘ਤੇ ਵਿਚਾਰ-ਵਟਾਂਦਰਾ ਹੋਇਆ। ਕਿਸੇ ਵੀ ਚਰਚਾ ਵਿੱਚ ਵਪਾਰ ਦਾ ਮੁੱਦਾ ਨਹੀਂ ਉਠਾਇਆ ਗਿਆ। ਇਹ ਟਿੱਪਣੀ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੋਕਣ ਦਾ ਸਿਹਰਾ ਲੈਣ ਤੋਂ ਬਾਅਦ ਆਈ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਦੋਵਾਂ ਦੇਸ਼ਾਂ ਵਿਚਕਾਰ ਇੱਕ ਸੰਪੂਰਨ ਅਤੇ ਤੁਰੰਤ ਜੰਗਬੰਦੀ ਦੀ ਵਿਚੋਲਗੀ ਕੀਤੀ। ਟਰੰਪ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੂੰ ਕਿਹਾ ਸੀ ਕਿ ਜੇ ਉਹ ਜੰਗਬੰਦੀ ਲਈ ਸਹਿਮਤ ਹੋ ਜਾਂਦੇ ਹਨ, ਤਾਂ ਅਮਰੀਕਾ ਉਨ੍ਹਾਂ ਨੂੰ ਵਪਾਰ ਵਿੱਚ ਮਦਦ ਕਰੇਗਾ ਅਤੇ ਜੇ ਉਹ ਸਹਿਮਤ ਨਹੀਂ ਹੁੰਦੇ, ਤਾਂ ਕੋਈ ਵੀ ਉਨ੍ਹਾਂ ਨਾਲ ਵਪਾਰ ਨਹੀਂ ਕਰੇਗਾ। ਇਸ ਤੋਂ ਬਾਅਦ ਦੋਵੇਂ ਦੇਸ਼ ਜੰਗਬੰਦੀ ‘ਤੇ ਸਹਿਮਤ ਹੋ ਗਏ।
‘ਮੈਂ ਵਿਚੋਲਗੀ ਨ੍ਹੀਂ ਕੀਤੀ’, ਭਾਰਤ-ਪਾਕਿਸਤਾਨ ਜੰਗਬੰਦੀ ਨੂੰ ਲੈ ਕੇ ਬਿਆਨ ਤੋਂ ਪਲਟੇ ਡੋਨਾਲਡ ਟਰੰਪ
Posted on 16th May 2025