ਕੱਟੇ ਗਏ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਲਈ ਲੋਕ ਖਾ ਰਹੇ ਧੱਕੇ, ਪ੍ਰਸ਼ਾਸਨ ਨੂੰ ਕੀਤੀ ਇਹ ਮੰਗ..
ਸੰਗਰੂਰ:
ਅੱਜ ਸੰਗਰੂਰ ਵਿੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਬੇਗੋਰੀ ਦਾ ਸਾਹਮਣਾ ਸੰਗਰੂਰ ਦੇ ਲੋਕ ਕਰਦੇ ਨਜ਼ਰ ਆਏ। ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕਾਂ ਦੇ ਆਟੇ ਦਾਲ ਸਕੀਮ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ, ਉਨ੍ਹਾਂ ਲੋਕਾਂ ਨੂੰ ਰਾਸ਼ਨ ਕਾਰਡ ਦੀ ਵੈਰੀਫਿਕੇਸ਼ਨ ਦੇ ਲਈ ਸੰਗਰੂਰ ਦੀ ਮਾਰਕਿਟ ਕਮੇਟੀ ਦਫ਼ਤਰ ਵਿਖੇ ਬੁਲਾਇਆ ਗਿਆ, ਜਿੱਥੇ ਕਿ ਪੂਰੇ ਪਰਿਵਾਰ ਦੇ ਮੈਂਬਰਾਂ ਦਾ ਪਹੁੰਚਣਾ ਜ਼ਰੂਰੀ ਸੀ ਤਾਂ ਜੋ ਮੈਂਬਰਾਂ ਦੇ ਹਿਸਾਬ ਨਾਲ ਉਨ੍ਹਾਂ ਦੀ ਕਣਕ ਲਗਾਈ ਜਾਵੇ।
ਪਰੇਸ਼ਾਨ ਲੋਕਾਂ ਨੇ ਆਪਣਾ ਦਰਦ ਸੁਣਾਉਂਦੇ ਹੋਏ ਕਿਹਾ ਕਿ ਅਸੀਂ ਏਥੇ ਸਵੇਰ ਤੋਂ ਲਾਈਨਾਂ ਦੇ ਵਿੱਚ ਲੱਗੇ ਹੋਏ ਹਾਂ, ਚਾਹੇ ਛੋਟੇ ਬੱਚੇ ਹੋਣ ਭਾਵੇਂ ਬਜ਼ੁਰਗ, ਸਾਨੂੰ ਇੱਥੇ ਸਰਕਾਰੀ ਬਾਬੂ ਦੇ ਸਾਹਮਣੇ ਲਿਆ ਕੇ ਹਾਜ਼ਰੀ ਲਵਾਉਣੀ ਪੈਂਦੀ ਹੈ ਜਿਸ ਤੋਂ ਬਾਅਦ ਹੀ ਰਾਸ਼ਨ ਕਾਰਡ ਦੀ ਵੈਰੀਫਿਕੇਸ਼ਨ ਹੋ ਰਹੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਘਰ-ਘਰ ਜਾ ਕੇ ਇਹ ਵੈਰੀਫਿਕੇਸ਼ਨ ਕਰਨੀ ਚਾਹੀਦੀ ਹੈ, ਜਿਸ ਨਾਲ ਅਮੀਰ ਤੇ ਗਰੀਬ ਦਾ ਵੀ ਪਤਾ ਲੱਗੇ ਤੇ ਪੂਰੇ ਪਰਿਵਾਰ ਦੇ ਮੈਂਬਰਾਂ ਦੀ ਵੀ ਸਹੀ ਲਿਸਟ ਬਣ ਸਕਦੀ ਹੈ।