ਲੁਧਿਆਣਾ STF ਨੂੰ ਮਿਲੀ ਵੱਡੀ ਕਾਮਯਾਬੀ, 2 ਤਸਕਰਾਂ ਕੋਲੋਂ ਬਰਾਮਦ ਹੋਈ ਵਿਦੇਸ਼ੀ ਨਸ਼ੇ ਦੀ ਵੱਡੀ ਖੇਪ

Spread the love

 ਮੁਹਾਲੀ : ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਹੈਰੋਇਨ ਤੋਂ ਵੀ ਖ਼ਤਰਨਾਕ ਨਸ਼ੀਲੇ ਪਦਾਰਥ ਆਈਸ (ਐਮਫੇਟਾਮਾਈਨ) ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਸਮੇਂ ਨੌਜਵਾਨਾਂ ਕੋਲੋਂ 2 ਕਿਲੋ ਆਈਸ ਜ਼ਬਤ ਕੀਤੀ ਗਈ ਸੀ ਪਰ ਉਹਨਾਂ ਦੀ ਨਿਸ਼ਾਨਦੇਹੀ ‘ਤੇ 18 ਕਿਲੋ 200 ਗ੍ਰਾਮ ਹੋਰ ਆਈਸ ਜ਼ਬਤ ਕਰ ਲਈ ਗਈ। ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਬੌਬੀ ਵਾਸੀ ਪਿੰਡ ਸਨੇਤ ਅਤੇ ਅਰਜੁਨ ਵਾਸੀ ਮਾਡਲ ਟਾਊਨ ਵਜੋਂ ਹੋਈ ਹੈ।

ਐਸਟੀਐਫ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਬੌਬੀ ਅਤੇ ਅਰਜੁਨ ਦੋਵੇਂ ਆਪਣੇ ਤੀਜੇ ਸਾਥੀ ਜਵਾਹਰ ਨਗਰ ਵਾਸੀ ਵਿਸ਼ਾਲ ਉਰਫ਼ ਵਿਨੈ ਨਾਲ ਮਿਲ ਕੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਇਹ ਕੰਮ ਕਰ ਰਹੇ ਸਨ। ਐਸਟੀਐਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਤਿੰਨੋਂ ਮਿਲ ਕੇ ਨਸ਼ੇ ਦਾ ਕਾਰੋਬਾਰ ਕਰਦੇ ਹਨ। ਉਦੋਂ ਤੋਂ ਹੀ ਐਸਟੀਐਫ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ।

ਪੁਲਿਸ ਅਨੁਸਾਰ ਮੁਲਜ਼ਮ ਬੀਆਰਐਸ ਨਗਰ ਸਥਿਤ ਟੀ-ਪੁਆਇੰਟ ’ਤੇ 27 ਜੂਨ ਨੂੰ ਖੇਪ ਦੀ ਡਿਲਿਵਰੀ ਕਰਨ ਜਾ ਰਹੇ ਸਨ।  ਉਦੋਂ ਹੀ ਪੁਲਿਸ ਨੇ ਦੋਸ਼ੀਆਂ ਨੂੰ ਮੌਕੇ ਤੇ ਫੜ ਲਿਆ। ਉਸ ਸਮੇਂ ਮੁਲਜ਼ਮ ਕੋਲੋਂ 2 ਕਿਲੋ ਆਈਸ ਬਰਾਮਦ ਹੋਈ ਸੀ। ਦੋਵਾਂ ਦੇ ਮੌਕੇ ‘ਤੇ ਮੁਹੱਲਾ ਲੇਬਰ ਨਗਰ ‘ਚ ਛਾਪੇਮਾਰੀ ਕੀਤੀ। ਦੂਜੀ ਮੰਜ਼ਿਲ ਤੋਂ 18.200 ਕਿਲੋ ਆਈਸ  ਬਰਾਮਦ ਕੀਤੀ ਗਈ। ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ 200 ਕਰੋੜ ਰੁਪਏ ਦੇ ਕਰੀਬ ਹੈ।

ਐਸਟੀਐਫ ਨੇ ਦੱਸਿਆ ਕਿ ਬੌਬੀ ਅਤੇ ਅਰਜੁਨ ਤੋਂ ਪੁੱਛਗਿੱਛ ਜਾਰੀ ਹੈ। ਇਸ ਦੇ ਨਾਲ ਹੀ ਉਸ ਦੇ ਤੀਜੇ ਸਾਥੀ ਵਿਸ਼ਾਲ ਉਰਫ ਵਿਨੈ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਤੀਜੇ ਮੁਲਜ਼ਮ ਵਿਸ਼ਾਲ ਉਰਫ਼ ਵਿਨੈ ਨੂੰ ਗ੍ਰਿਫ਼ਤਾਰ ਕਰ ਲਵੇਗੀ।

Posted on 28th June 2022

Latest Post