ਬਠਿੰਡਾ ਦੀ ਮਾਡਰਨ ਕੇਂਦਰੀ ਜੇਲ੍ਹ ਵਿਚ ਬੰਦ ਗੈਂਗਸਟਰ ਸਾਰਜ ਸਿੰਘ ਸਿੱਧੂ ਉਰਫ ਮਿੰਟੂ ਨੇ ਇੰਟਰਨੈੱਟ ਮੀਡੀਆ ਇੰਸਟਾਗ੍ਰਾਮ ਆਈਡੀ ‘ਤੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਦੌਰਾਨ ਆਪਣੀ ਜੇਲ੍ਹ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਹਨ, ਜਿਸ ਨਾਲ ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ ਹੈ। ਸੀਆਰਪੀਐੱਫ ਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ ਤੋਂ ਉਸ ਜੇਲ੍ਹ ਦੀ ਸਪੈਸ਼ਲ ਸੈੱਲ ਦੀ ਤਲਾਸ਼ੀ ਲਈ, ਜਿਥੇ ਸਾਰਜ ਮਿੰਟੂ ਬੰਦ ਸੀ।
ਤਲਾਸ਼ੀ ਵਿਚ ਗੈਂਗਸਟਰ ਦਾ ਮੋਬਾਈਲ ਫੋਨ ਸਣੇ ਕੁਝ ਵੀ ਇਤਰਾਜ਼ਯੋਗ ਸਾਮਾਨ ਨਹੀਂ ਮਿਲਿਆ ਹੈ ਪਰ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਥਾਣਾ ਕੈਂਟ ਪੁਲਿਸ ਨੇ ਗੈਂਗਸਟਰ ਮਿੰਟੂ ਖਿਲਾਫ ਜੇਲ੍ਹ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਦਾ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਪੁੱਛਗਿਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਗੌਰਤਲਬ ਹੈ ਕਿ ਸਿੱਧੂ ਮੂਸੇਵਾਲਾ ਹੱਤਿਆ ਦੇ ਮਾਮਲੇ ਵਿਚ ਵੀ ਪੁਲਿਸ ਵੱਲੋਂ ਗੈਂਗਸਟਰ ਸਾਰਜ ਮਿੰਟੂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਜੇਲ੍ਹ ਤੋਂ ਲਿਆਂਦਾ ਗਿਆ ਸੀ ਕਿਉਂਕਿ ਮੂਸੇਵਾਲਾ ਦੀ ਹੱਤਿਆ ਵਿਚ ਉੁਸ ਦਾ ਨਾਂ ਆਉਂਦਾ ਹੈ। ਕੁਝ ਦਿਨ ਪਹਿਲਾਂ ਪੁਲਿਸ ਨੇ ਸਾਰਜ ਨੂੰ ਵਾਪਸ ਬਠਿੰਡਾ ਸੈਂਟਰਲ ਜੇਲ੍ਹ ਭੇਜ ਦਿੱਤਾ ਸੀ। ਇੰਟਰਨੈੱਟ ਮੀਡੀਆ ਅਕਾਊਂਟ ‘ਤੇ ਉਸ ਵੱਲੋਂ ਫੋਟੋਆਂ ਅਪਲੋਡ ਕੀਤੀਆਂ ਗਈਆਂ। ਪੁਲਿਸ ਨੇ ਉਸ ਖਿਲਾਫ ਸੁਰੱਖਿਆ ਕਾਰਨਾ ਨਾਲ ਜੇਲ੍ਹ ਦੀਆਂ ਤਸਵੀਰਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਮਾਮਲਾ ਦਰਜ ਕੀਤਾ ਹੈ।