ਚੰਡੀਗੜ੍ਹ (ਸਪੋਕਸਮੈਨ ਟੀ.ਵੀ): ਸੰਗਰੂਰ ਲੋਕ ਸਭਾ ਸੀਟ ਨੂੰ ਲੈ ਕੇ ਸਾਰੀਆਂ ਪਾਰਟੀਆਂ ਅਪਣਾ ਜ਼ੋਰ-ਅਜਮਾਇਸ਼ ਕਰ ਰਹੀਆਂ ਹਨ ਕਿਉਂਕਿ ਮੁਕਾਬਲਾ ਬਹੁਤ ਤਕੜਾ ਹੈ। ਉਧਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਭਖਿਆ ਹੋਇਆ ਹੈ ਕਿਉਂਕਿ ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਅੱਗੇ ਰੱਖ ਕੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਲੋਕ ਸਭਾ ਚੋਣ ਲਈ ਮੈਦਾਨ ਵਿਚ ਉਤਾਰਿਆ ਹੈ। ਇਸ ਮੁੱਦੇ ਦੇ ਨਾਲ ਜੇ ਗੱਲ ਕੀਤੀ ਜਾਵੇ ਕਾਂਗਰਸ ਦੀ ਤਾਂ ਕਾਂਗਰਸ ਡਾਵਾਂਡੋਲ ਕਰ ਰਹੀ ਹੈ ਕਿਉਂਕਿ ਅੱਧੇ ਤੋਂ ਵੱਧ ਆਗੂ ਭਾਜਪਾ ਵਿਚ ਚਲੇ ਗਏ ਹਨ ਤੇ ਸ਼ਾਇਦ ਕੁੱਝ ਹੋਰ ਜਾਣ ਨੂੰ ਤਿਆਰ ਹਨ। ਇਨ੍ਹਾਂ ਸਾਰੇ ਭਖਦੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਅਸ਼ਵਨੀ ਸੇਖੜੀ ਦੇ ਭਰਾ ਇੰਦਰ ਸੇਖੜੀ ਨਾਲ ਖ਼ਾਸ ਗੱਲਬਾਤ ਕੀਤੀ ਗਈ ਜੋ ਕੁੱਝ ਮਹੀਨੇ ਪਹਿਲਾਂ ਹੀ ਭਾਜਪਾ ਵਿਚ ਸ਼ਾਮਲ ਹੋਏ ਹਨ।
ਸਵਾਲ : ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਬਣ ਗਈ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ?
ਜਵਾਬ : ਲੋਕਾਂ ਨੇ ਬਦਲਾਅ ਲਿਆਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਲੋਕਾਂ ਦੇ ਮਨ ਵਿਚ ਇਕੋ ਗੱਲ ਸੀ ਕਿ ਹੁਣ ਰਿਆਵਿਤੀ ਪਾਰਟੀਆਂ ਨੂੰ ਛੱਡ ਕੇ ਨਵੀਂ ਪਾਰਟੀ ਨੂੰ ਮੌਕਾ ਦਿਤਾ ਜਾਵੇ। ਲੋਕਾਂ ਸਾਹਮਣੇ ਦਿੱਲੀ ਦਾ ਮਾਡਲ ਰਖਿਆ ਗਿਆ ਸੀ ਕਿ ਦਿੱਲੀ ਵਿਚ ‘ਆਪ’ ਨੇ ਕੰਮ ਕੀਤੇ ਨੇ ਤੇ ਜੇ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣੀ ਤਾਂ ਪੰਜਾਬ ਵਿਚ ਵੀ ‘ਆਪ’ ਲੋਕਾਂ ਦੀ ਭਲਾਈ ਲਈ ਕੰਮ ਕਰੇਗੀ। ਅਸਲੀਅਤ ਇਹ ਹੈ ਕਿ ਦਿੱਲੀ ਦਾ ਮਾਡਲ ਤੇ ਦਿੱਲੀ ਦੇ ਲੋਕਾਂ ਦੀਆਂ ਲੋੜਾਂ ਪੰਜਾਬ ਨਾਲੋਂ ਵੱਖ ਹਨ। ਇਥੇ ਚੁਣੌਤੀਆਂ ਜ਼ਿਆਦਾ ਹਨ। ਜੇ ਆਪਾਂ ਪਿਛਲੀਆਂ ਸਰਕਾਰਾਂ ਵਲ ਝਾਤ ਮਾਰੀਏ ਤਾਂ ਕਾਂਗਰਸ, ਅਕਾਲੀ ਦਲ ਪਾਰਟੀ ਨੇ ਪੰਜਾਬ ਉਤੇ ਕਰਜ਼ਾ ਚੜ੍ਹਾ ਦਿਤਾ ਹੈ। ਇਹ ਕਰਜ਼ਾ ਸਾਨੂੰ ਲੈ ਬੈਠਾ ਹੈ। ਸਰਕਾਰ ਦਾ ਇਸ ਸਮੇਂ ਚਲਣਾ ਮੁਸ਼ਕਲ ਹੋ ਗਿਆ ਹੈ। ਮੈਨੂੰ ਨਹੀਂ ਲਗਦਾ ਕਿ ‘ਆਪ’ ਦੀ ਸਰਕਾਰ ਪੰਜਾਬ ਨੂੰ ਕਰਜ਼ੇ ਦੇ ਸੰਕਟ ਵਿਚੋਂ ਕੱਢ ਸਕੇਗੀ।