ਅਗਨੀਪਥ ਸਕੀਮ ਦਾ ਵਿਰੋਧ ਕਰਨ ਵਾਲੇ ਵਿਅਕਤੀਆਂ ਖਿਲਾਫ ਪੰਜਾਬ ਪੁਲਿਸ ਐਕਸ਼ਨ ਵਿੱਚ, ਕਈਆਂ ਖਿਲਾਫ਼ ਕੇਸ ਦਰਜ ਹਾਲਾਂਕਿ ਅਧਿਕਾਰੀਆਂ ਨੇ ਇਸ ਮਾਮਲੇ ‘ਚ ਚੁੱਪੀ ਧਾਰੀ ਹੋਈ ਹੈ।
ਦੱਸ ਦੇਈਏ ਕਿ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਸੈਂਕੜੇ ਨੌਜਵਾਨਾਂ ਨੇ ਰਾਮਾ ਮੰਡੀ ਨੇੜੇ ਹਾਈਵੇਅ ਜਾਮ ਕਰ ਦਿੱਤਾ। ਲਗਭਗ 5 ਘੰਟੇ ਤੱਕ ਆਵਾਜਾਈ ਠੱਪ ਰਹੀ ਅਤੇ ਸੈਂਕੜੇ ਨੌਜਵਾਨਾਂ ਨੇ ਹਾਈਵੇਅ ’ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ। ਦੁਪਹਿਰ ਬਾਅਦ ਪੁਲਿਸ ਨੇ ਸਖ਼ਤੀ ਕਰਦਿਆਂ ਨੌਜਵਾਨਾਂ ਨੂੰ ਹਾਈਵੇ ਤੋਂ ਹਟਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ।
ਹਾਈਵੇਅ ਜਾਮ ਕਰਨ ਦੇ ਸਬੰਧ ਵਿੱਚ ਕਮਿਸ਼ਨਰੇਟ ਜਲੰਧਰ ਪੁਲਿਸ ਵੱਲੋਂ ਥਾਣਾ ਕੈਂਟ ਵਿੱਚ ਅਣਪਛਾਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਕੈਂਟ ਦੇ ਏ.ਐਸ.ਆਈ. ਪੁਲਿਸ ਨੇ ਅਜੈਪਾਲ ਦੇ ਬਿਆਨਾਂ ’ਤੇ ਧਾਰਾ 283 ਆਈ.ਪੀ.ਸੀ. ਅਤੇ ਨੈਸ਼ਨਲ ਹਾਈਵੇਅ ਐਕਟ 1856 ਦੀ ਧਾਰਾ 8ਬੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਵੱਲੋਂ ਗੁਪਤ ਤਰੀਕੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਵਿੱਚ ਅਖਬਾਰਾਂ ਅਤੇ ਸੋਸ਼ਲ ਮੀਡੀਆ ਵਿੱਚ ਪ੍ਰਕਾਸ਼ਿਤ ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਰਾਹੀਂ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ।