ਅਗਨੀਪਥ ਯੋਜਨਾ: ਸੋਨੀਆ ਗਾਂਧੀ ਨੇ ਪ੍ਰਦਰਸ਼ਨਕਾਰੀਆਂ ਲਈ ਜਾਰੀ ਕੀਤਾ ਖ਼ਾਸ ਸੁਨੇਹਾ

Spread the love

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਗਨੀਪਥ ਸਕੀਮ ਦਾ ਵਿਰੋਧ ਕਰ ਰਹੇ ਦੇਸ਼ ਦੇ ਨੌਜਵਾਨਾਂ ਲਈ ਖ਼ਾਸ ਸੰਦੇਸ਼ ਜਾਰੀ ਕੀਤਾ ਹੈ। ਉਹਨਾਂ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਤੁਹਾਡੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਤੁਹਾਡੇ ਹਿੱਤਾਂ ਦੀ ਰੱਖਿਆ ਕਰਨ ਅਤੇ ਇਸ ਯੋਜਨਾ ਨੂੰ ਵਾਪਸ ਲੈਣ ਲਈ ਲੜਨ ਦਾ ਵਾਅਦਾ ਕਰਦੀ ਹੈ।

ਉਹਨਾਂ ਨੇ ਆਪਣੇ ਸੰਦੇਸ਼ ‘ਚ ਲਿਖਿਆ, ”ਮੇਰੇ ਪਿਆਰੇ ਨੌਜਵਾਨ ਦੋਸਤੋ, ਤੁਸੀਂ ਭਾਰਤੀ ਫੌਜ ‘ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਦਾ ਅਹਿਮ ਕੰਮ ਕਰਨ ਦੀ ਇੱਛਾ ਰੱਖਦੇ ਹੋ। ਫੌਜ ਵਿਚ ਲੱਖਾਂ ਅਸਾਮੀਆਂ ਹੋਣ ਦੇ ਬਾਵਜੂਦ ਪਿਛਲੇ 3 ਸਾਲਾਂ ਤੋਂ ਭਰਤੀ ਨਾ ਹੋਣ ਦਾ ਦਰਦ ਮੈਂ ਸਮਝ ਸਕਦੀ ਹਾਂ। ਮੈਨੂੰ ਉਹਨਾਂ ਨੌਜਵਾਨਾਂ ਨਾਲ ਵੀ ਪੂਰੀ ਹਮਦਰਦੀ ਹੈ ਜੋ ਏਅਰਫੋਰਸ ਵਿਚ ਭਰਤੀ ਪ੍ਰੀਖਿਆ ਦੇ ਕੇ ਨਤੀਜਿਆਂ ਅਤੇ ਨਿਯੁਕਤੀਆਂ ਦੀ ਉਡੀਕ ਕਰ ਰਹੇ ਹਨ। ਮੈਨੂੰ ਦੁੱਖ ਹੈ ਕਿ ਸਰਕਾਰ ਨੇ ਤੁਹਾਡੀ ਆਵਾਜ਼ ਨੂੰ ਨਜ਼ਰਅੰਦਾਜ਼ ਕਰਦੇ ਹੋਏ ਨਵੀਂ ਫੌਜ ਭਰਤੀ ਯੋਜਨਾ ਦਾ ਐਲਾਨ ਕੀਤਾ ਹੈ, ਜੋ ਕਿ ਪੂਰੀ ਤਰ੍ਹਾਂ ਦਿਸ਼ਾਹੀਣ ਹੈ”।

ਸੋਨੀਆ ਗਾਂਧੀ ਨੇ ਅੱਗੇ ਕਿਹਾ, “ਤੁਹਾਡੇ ਨਾਲ-ਨਾਲ ਕਈ ਸਾਬਕਾ ਫੌਜੀਆਂ ਅਤੇ ਰੱਖਿਆ ਮਾਹਿਰਾਂ ਨੇ ਵੀ ਇਸ ਯੋਜਨਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਅਸੀਂ ਇਕ ਸੱਚੇ ਦੇਸ਼ ਭਗਤ ਵਾਂਗ ਸੱਚ, ਅਹਿੰਸਾ, ਸੰਜਮ ਅਤੇ ਸ਼ਾਂਤੀ ਦੇ ਮਾਰਗ ‘ਤੇ ਚੱਲ ਕੇ ਸਰਕਾਰ ਦੇ ਸਾਹਮਣੇ ਤੁਹਾਡੀ ਆਵਾਜ਼ ਬੁਲੰਦ ਕਰਾਂਗੇ”। ਸੋਨੀਆ ਗਾਂਧੀ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਅਤੇ ਅਹਿੰਸਕ ਤਰੀਕੇ ਨਾਲ ਅੰਦੋਲਨ ਕਰਨ। ਕਾਂਗਰਸ ਉਹਨਾਂ ਦੇ ਨਾਲ ਹੈ।

Posted on 18th June 2022

Latest Post