ਅਗਨੀਪਥ ਦੀ ਅੱਗ ‘ਚ ਦਹਿਲਿਆ ਬਿਹਾਰ, ਨੌਜਵਾਨਾਂ ਨੇ ਟ੍ਰੇਨ ਨੂੰ ਲਾਈ ਅੱਗ, ਆਵਾਜਾਈ ਪ੍ਰਭਾਵਿਤ

Spread the love

ਕੇਂਦਰ ਸਰਕਾਰ ਵੱਲੋਂ ਫੌਜ ਦੀ ਭਰਤੀ ਲਈ ਲਿਆਂਦੀ ਗਈ ‘ਅਗਨੀਪਥ ਯੋਜਨਾ’ ਦਾ ਵਿਰੋਧ ਤੇਜ਼ ਹੋ ਗਿਆ ਹੈ। ਬਿਹਾਰ ਤੋਂ ਲੈ ਕੇ ਹਰਿਆਣਾ ਤੱਕ ਹੰਗਾਮਾ ਵਧਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਦੇ ਨਾਲ-ਨਾਲ ਵਿਦਿਆਰਥੀ ਵੀ ਸੜਕਾਂ ‘ਤੇ ਉਤਰ ਆਏ ਹਨ । ‘ਅਗਨੀਪਥ’ ਯੋਜਨਾ ਨੂੰ ਲੈ ਕੇ ਦੇਸ਼ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ ।

ਇਸ ਦਾ ਸਭ ਤੋਂ ਵੱਧ ਅਸਰ ਬਿਹਾਰ ਦੇ ਜਹਾਨਾਬਾਦ, ਬਕਸਰ, ਮੁੰਗੇਰ, ਛਪਰਾ, ਆਰਾ, ਨਵਾਦਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਵਿਦਿਆਰਥੀਆਂ ਵੱਲੋਂ ਕਈ ਥਾਵਾਂ ‘ਤੇ ਲੱਗ ਲਗਾਉਣ ਦੀ ਘਟਨਾ ਸਾਹਮਣੇ ਆਈ । ਇਸ ਦੇ ਨਾਲ ਹੀ ਸਹਰਸਾ ਅਤੇ ਮੁਜ਼ੱਫਰਪੁਰ ਵਰਗੇ ਸ਼ਹਿਰਾਂ ਵਿੱਚ ਵੀ ਪ੍ਰਦਰਸ਼ਨ ਹੋ ਰਹੇ ਹਨ। ਬਿਹਾਰ ਵਿੱਚ ਵਿਦਿਆਰਥੀਆਂ ਨੇ ਟ੍ਰੇਨਾਂ ਵਿੱਚ ਵੀ ਅੱਗ ਲਗਾ ਦਿੱਤੀ। ਇਸ ਤੋਂ ਇਲਾਵਾ ਜਹਾਨਾਬਾਦ ‘ਚ NH-83 ਅਤੇ NH-110 ਨੂੰ ਜਾਮ ਕਰ ਦਿੱਤਾ ਗਿਆ।ਜਿਸ ਕਾਰਨ ਆਵਾਜਾਈ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ।

 

ਦੱਸ ਦੇਈਏ ਕਿ ‘ਅਗਨੀਪਥ ਯੋਜਨਾ’ ਨੂੰ ਲੈ ਕੇ ਬਿਹਾਰ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਅੱਜ ਦੂਜਾ ਦਿਨ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਰਾ ਵਿੱਚ ਵਿਦਿਆਰਥੀਆਂ ਨੇ ਰੇਲਵੇ ਟ੍ਰੈਕ ਜਾਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਗੁਰੂਗ੍ਰਾਮ ਵਿੱਚ ਦਿੱਲੀ-ਜੈਪੁਰ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਸੈਂਕੜੇ ਨੌਜਵਾਨਾਂ ਨੇ ਬਿਲਾਸਪੁਰ ਥਾਣਾ ਖੇਤਰ ਨਾਲ ਲੱਗਦੇ NH 48 ‘ਤੇ ਜਾਮ ਲਗਾ ਦਿੱਤਾ ਹੈ।

ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਨਿਰਾਸ਼ ਹਨ ਕਿ ਫਿਜ਼ੀਕਲ ਕਲੀਅਰ ਹੋਣ ਦੇ ਬਾਵਜੂਦ ਦੋ ਸਾਲਾਂ ਤੋਂ ਫੌਜ ਨੇ ਉਨ੍ਹਾਂ ਨੂੰ ਭਰਤੀ ਨਹੀਂ ਕੀਤਾ। ਇਸ ਦੌਰਾਨ ਸਰਕਾਰ ਫੌਜ ਵਿੱਚ ਭਰਤੀ ਲਈ ਇੱਕ ਹੋਰ ਸਕੀਮ ਲੈ ਕੇ ਆਈ ਹੈ । ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਅਗਲੇ 96 ਦਿਨਾਂ ਵਿੱਚ 40 ਹਜ਼ਾਰ ਤੋਂ ਵੱਧ ਅਗਨੀਵੀਰ ਨਿਯੁਕਤ ਹੋ ਜਾਣਗੇ ਤਾਂ ਉਨ੍ਹਾਂ ਨਿਯੁਕਤੀਆਂ ਦਾ ਕੀ ਬਣੇਗਾ ਜੋ ਪਿਛਲੇ ਦੋ ਸਾਲਾਂ ਵਿੱਚ ਹੋਣੀਆਂ ਸਨ।

Posted on 16th June 2022

Latest Post