ਕਿਰਨ ਬੇਦੀ ਦੀ ਇਤਰਾਜ਼ਯੋਗ ਟਿੱਪਣੀ: “12 ਵਜੇ ਕਰਾਂਗੇ ਕਿਤਾਬ ਲਾਂਚ, ਕੋਈ ਸਰਦਾਰ ਜੀ ਤਾਂ ਨਹੀਂ ਹੈ”

Spread the love

ਚੰਡੀਗੜ੍ਹ: ਦੇਸ਼ ਦੀ ਪਹਿਲੀ ਮਹਿਲਾ ਆਈਪੀਐਫ ਅਫ਼ਸਰ ਕਿਰਨ ਬੇਦੀ ਨੇ ਸਿੱਖਾਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਆਪਣੀ ਕਿਤਾਬ ਲਾਂਚ ਕਰਨ ਮੌਕੇ ਕਿਹਾ, “12 ਵਜੇ ਲਾਂਚ ਕਰਾਂਗੇ, ਕੋਈ ਸਰਦਾਰ ਜੀ ਤਾਂ ਇੱਥੇ ਨਹੀਂ ਹੈ”। ਇਸ ਤੋਂ ਬਾਅਦ ਉੱਥੇ ਮੌਜੂਦ ਲੋਕ ਹੱਸਣ ਲੱਗ ਜਾਂਦੇ ਹਨ। ਇਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ਵਿਚ ਕਿਰਨ ਬੇਦੀ ਕਹਿੰਦੇ ਹਨ, “ਅਜੇ 12 ਵੱਜਣ ਵਿਚ ਪੂਰੇ 30 ਮਿੰਟ ਹਨ ਤਾਂ ਪੂਰੇ 12 ਵਜੇ ਲਾਂਚ ਕਰਾਂਗੇ। ਕੋਈ ਸਰਦਾਰ ਜੀ ਇੱਥੇ ਨਹੀਂ ਹੈ”।

ਇਸ ਨੂੰ ਲੈ ਕੇ ਸਿੱਖ ਭਾਈਚਾਰੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਵੀ ਲਗਾਤਾਰ ਉਹਨਾਂ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਯੂਜ਼ਰ ਕਿਰਨ ਬੇਦੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਦੱਸ ਦੇਈਏ ਕਿ ਕਿਰਨ ਬੇਦੀ ਨੇ ਅਪਣੀ ਕਿਤਾਬ ‘ਫੀਅਰਲੈੱਸ ਗਵਰਨੈਂਸ’ ਦੇ ਹਿੰਦੀ ਐਡੀਸ਼ਨ ਦੀ ਕਿਤਾਬ ਲਾਂਚ ਕੀਤੀ ਹੈ।

ਇਤਿਹਾਸ ਵੱਲ ਝਾਤ ਮਾਰੀਏ ਤਾਂ ਜਦੋਂ ਅਫ਼ਗਾਨ ਧਾੜਵੀ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ’ਤੇ ਹਮਲਾ ਕਰਕੇ ਇੱਥੋਂ ਵੱਡੀ ਮਾਤਰਾ ਵਿਚ ਸੋਨਾ, ਚਾਂਦੀ, ਹੀਰੇ ਜਵਾਹਰਾਤ ਅਤੇ ਔਰਤਾਂ ਨੂੰ ਲੁੱਟ ਕੇ ਲੈ ਜਾਂਦਾ ਸੀ ਪਰ ਉਹਨਾਂ ਨੂੰ ਪੰਜਾਬ ਦੇ ਰਸਤੇ ਤੋਂ ਹੋ ਕੇ ਗੁਜਰਨਾ ਪੈਂਦਾ ਸੀ। ਇਸ ਦੌਰਾਨ ਸਿੰਘ ਜੋ ਆਮ ਲੋਕਾਂ ਦੀ ਰਖਵਾਲੀ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ, ਉਹ ਇਹਨਾਂ ਧਾੜਵੀਆਂ ਦੀ ਲੁੱਟ ਦਾ ਸਾਮਾਨ ਅਤੇ ਔਰਤਾਂ ਨੂੰ ਬਚਾਉਣ ਲਈ ਰਾਤ ਦੇ 12 ਵਜੇ ਪੂਰੀ ਬਹਾਦਰੀ ਅਤੇ ਲਲਕਾਰ ਨਾਲ ਦੁਸ਼ਮਣ ’ਤੇ ਟੁੱਟ ਪੈਂਦੇ ਅਤੇ ਲੁੱਟ ਦਾ ਸਾਮਾਨ ਅਤੇ ਕੈਦ ਔਰਤਾਂ ਨੂੰ ਛੁਡਾ ਕੇ ਉਹਨਾਂ ਦੇ ਘਰਾਂ ਵਿਚ ਵਾਪਸ ਭੇਜਦੇ।

Posted on 14th June 2022

Latest Post