ਨਵੀਂ ਦਿੱਲੀ: ਨੈਸ਼ਨਲ ਹੈਰਾਲਡ ਮਾਮਲੇ ‘ਚ ਦੂਜੇ ਦਿਨ ਈਡੀ ਦੇ ਸਵਾਲਾਂ ਦੇ ਜਵਾਬ ਦੇਣ ਲਈ ਰਾਹੁਲ ਗਾਂਧੀ ਜਾਂਚ ਏਜੰਸੀ ਦੇ ਦਫ਼ਤਰ ਪਹੁੰਚ ਚੁਕੇ ਹਨ। ਪ੍ਰਿਯੰਕਾ ਗਾਂਧੀ ਅਤੇ ਕਈ ਸੀਨੀਅਰ ਕਾਂਗਰਸੀ ਆਗੂ ਵੀ ਉਹਨਾਂ ਦੇ ਨਾਲ ਸਨ। ਇਸ ਦੌਰਾਨ ਰਾਹੁਲ ਗਾਂਧੀ ਦੇ ਸਮਰਥਨ ਵਿਚ ਪ੍ਰਦਰਸ਼ਨ ਕਰ ਰਹੇ ਕਈ ਸੀਨੀਅਰ ਆਗੂਆਂ ਨੂੰ ਕਾਂਗਰਸ ਦਫ਼ਤਰ ਦੇ ਬਾਹਰੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਇਹ ਆਗੂ ਈਡੀ ਦਫ਼ਤਰ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਕਾਂਗਰਸ ਦਫ਼ਤਰ ਅਤੇ ਈਡੀ ਦਫ਼ਤਰ ਦੇ ਆਸਪਾਸ ਇਲਾਕਿਆਂ ਵਿਚ ਪੁਲਿਸ ਨੇ ਧਾਰਾ 144 ਲਗਾਈ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਕਾਂਗਰਸ ਦਫ਼ਤਰ ਨੇੜੇ ਬੈਰੀਕੇਡ ‘ਤੇ ਰੋਕੇ ਜਾਣ ਤੋਂ ਬਾਅਦ ਦਿੱਲੀ ਪੁਲਿਸ ਨਾਲ ਝੜਪ ਹੋ ਗਈ। ਉਹਨਾਂ ਨੇ ਪੁਲਿਸ ਨੂੰ ਕਿਹਾ ਕਿ ਤੁਸੀਂ ਮੁੱਖ ਮੰਤਰੀ ਨੂੰ ਨਹੀਂ ਰੋਕ ਸਕਦੇ। ਪਰ ਪੁਲਿਸ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ।
ਪੁਲਿਸ ਨੇ ਰਣਦੀਪ ਸਿੰਘ ਸੁਰਜੇਵਾਲਾ, ਹਰੀਸ਼ ਰਾਵਤ, ਕੇਸੀ ਵੇਣੂਗੋਪਾਲ, ਅਧੀਰ ਰੰਜਨ ਚੌਧਰੀ, ਗੌਰਵ ਗੋਗੋਈ, ਦੀਪੇਂਦਰ ਸਿੰਘ ਹੁੱਡਾ, ਰਣਜੀਤ ਰੰਜਨ, ਇਮਰਾਨ ਪ੍ਰਤਾਪਗੜ੍ਹੀ ਸਮੇਤ ਕਈ ਕਾਰਕੁਨਾਂ ਨੂੰ ਪੁਲਿਸ ਨੇ ਅਕਬਰ ਰੋਡ ਤੋਂ ਹਿਰਾਸਤ ਵਿਚ ਲਿਆ ਹੈ। ਉਹਨਾਂ ਨੂੰ ਤੁਗਲਕ ਰੋਡ ਥਾਣੇ ਲਿਜਾਇਆ ਗਿਆ। ਸੋਮਵਾਰ ਨੂੰ ਵੀ ਦਿੱਲੀ ਪੁਲਿਸ ਨੇ ਇਕ ਹਜ਼ਾਰ ਦੇ ਕਰੀਬ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿਚ ਲਿਆ ਸੀ, ਜਿਨ੍ਹਾਂ ਨੂੰ ਦੇਰ ਰਾਤ ਛੱਡ ਦਿੱਤਾ ਗਿਆ।