ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੀ ਹਾਲਤ ਨਾਜ਼ੁਕ, ਪਰਿਵਾਰ ਨੇ ਕਿਹਾ- ਦੁਆ ਕਰੋ

Spread the love

ਦੁਬਈ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸ਼ੁੱਕਰਵਾਰ ਨੂੰ ਉਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਹੁਣ ਉਹਨਾਂ ਨੂੰ ਵੈਂਟੀਲੇਟਰ ਸਪੋਰਟ ਤੋਂ ਹਟਾ ਦਿੱਤਾ ਗਿਆ ਹੈ। ਹੁਣ ਉਹਨਾਂ ਦੀ ਰਿਕਵਰੀ ਮੁਸ਼ਕਲ ਹੈ। ਪਰਵੇਜ਼ ਮੁਸ਼ੱਰਫ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਉਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਉਹ ਹੁਣ ਵੈਂਟੀਲੇਟਰ ‘ਤੇ ਨਹੀਂ ਹਨ। ਉਹ ਆਪਣੀ ਬੀਮਾਰੀ ਐਮੀਲੋਇਡੋਸਿਸ ਕਾਰਨ ਪਿਛਲੇ 3 ਹਫਤਿਆਂ ਤੋਂ ਹਸਪਤਾਲ ‘ਚ ਭਰਤੀ ਹਨ। ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹਨਾਂ ਦੇ ਅੰਗ ਖਰਾਬ ਹੋ ਰਹੇ ਹਨ। ਉਹਨਾਂ ਲਈ ਪ੍ਰਾਰਥਨਾ ਕਰੋ।

ਕਈ ਟੀਵੀ ਚੈਨਲਾਂ ’ਤੇ ਉਹਨਾਂ ਦੀ ਮੌਤ ਦੀਆਂ ਖ਼ਬਰਾਂ ਵੀ ਚੱਲ ਰਹੀਆਂ ਸਨ, ਜਿਨ੍ਹਾਂ ਨੂੰ ਪਰਿਵਾਰ ਨੇ ਖਾਰਜ ਕੀਤਾ ਹੈ। ਪਰਵੇਜ਼ ਮੁਸ਼ੱਰਫ਼ ਪਾਕਿਸਤਾਨੀ ਫ਼ੌਜ ਦੇ ਸਾਬਕਾ ਮੁਖੀ ਹਨ, ਜਿੰਨ੍ਹਾਂ ਨੇ ਮੁਲਕ ਦੀ ਜਮਹੂਰੀ ਸਰਕਾਰ ਦਾ ਤਖ਼ਤਾ ਪਲਟ ਦਿੱਤਾ ਸੀ। ਪਰਵੇਜ਼ ਦਾ ਜਨਮ ਪੁਰਾਣੀ ਦਿੱਲੀ ਵਿਚ 11 ਅਗਸਤ 1943 ਨੂੰ ਹੋਇਆ ਅਤੇ 1947 ਵਿਚ ਦੇਸ਼ ਦੀ ਵੰਡ ਦੌਰਾਨ ਉਹਨਾਂ ਦਾ ਪਰਿਵਾਰ ਕਰਾਚੀ ਜਾ ਵੱਸਿਆ।

1961 ਵਿਚ ਪਾਕਿਸਤਾਨ ਮਿਲਟਰੀ ਅਕੈਡਮੀ ਵਿਚ ਦਾਖਲ ਹੋਣ ਵਾਲੇ ਮੁਸ਼ਰੱਫ਼ ਨੂੰ 1964 ਵਿਚ ਕਮਿਸ਼ਨ ਮਿਲਿਆ। ਮੁਸ਼ਰੱਫ਼ ਜਦੋਂ ਫ਼ੌਜ ਮੁਖੀ ਬਣੇ ਤਾਂ ਉਹਨਾਂ ਕਾਰਗਿਲ ਜੰਗ ਦੇ ਨਾਂ ਨਾਲ ਜਾਣੀ ਜਾਂਦੀ ਭਾਰਤ-ਪਾਕਿਸਤਾਨ ਜੰਗ ਵਿਚ ਮੁਲਕ ਦੀ ਅਗਵਾਈ ਕੀਤੀ। 1999 ਵਿਚ ਇਸ ਜੰਗ ਤੋਂ ਬਾਅਦ ਮੁਸ਼ੱਰਫ਼ ਨੇ ਜਮਹੂਰੀ ਸਰਕਾਰ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸਰੀਫ਼ ਦਾ ਤਖਤਾ ਪਲਟ ਦਿੱਤਾ ਅਤੇ ਸੱਤਾ ਦੀ ਕਮਾਂਡ ਆਪਣੇ ਹੱਥਾਂ ਵਿਚ ਲੈ ਲਈ। 2001 ਤੋਂ ਲੈ ਕੇ 2008 ਵਿਚ ਬਤੌਰ ਰਾਸ਼ਟਰਪਤੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੱਕ ਉਹ ਮੁਲਕ ਉੱਤੇ ਰਾਜ ਕਰਦੇ ਰਹੇ।

Posted on 10th June 2022

Latest Post