ਮਨਕੀਰਤ ਔਲਖ ਦੇ ਹੱਕ ’ਚ ਆਏ ਐਡਵੋਕੇਟ ਸਿਮਰਨਜੀਤ ਕੌਰ, ਕਿਹਾ- ਪੰਜਾਬ ਨੂੰ ਪੰਜਾਬ ਰੱਖੋ ਮਿਰਜ਼ਾਪੁਰ ਨਾ ਬਣਾਓ

Spread the love

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਨਾਮ ਆਉਣ ਤੋਂ ਬਾਅਦ ਉਹਨਾਂ ਦੇ ਕਾਲਜ ਦੋਸਤ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਉਹਨਾਂ ਦੇ ਹੱਕ ਵਿਚ ਨਿਤਰੇ ਹਨ। ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਸਿਮਰਨਜੀਤ ਕੌਰ ਗਿੱਲ ਨੇ ਕਿਹਾ ਕਿ ਪੋਸਟ ਵਿਚ ਬਿਸ਼ਨੋਈ (ਲਾਰੈਂਸ) ਨੂੰ ਭਰਾ ਲਿਖ ਕੇ ਮਨਕੀਰਤ ਨੇ ਕਿਹੜਾ ਗੁਨਾਹ ਕਰ ਦਿੱਤਾ? ਉਸ ਸਮੇਂ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਗੈਂਗਸਟਰ ਬਣ ਜਾਵੇਗਾ।

ਉਹਨਾਂ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਪੰਜਾਬ ਰਹਿਣ ਦਿਓ, ਮਿਰਜ਼ਾਪੁਰ ਨਾ ਬਣਾਓ। ਪੁਰਾਣਾ ਜਾਣਕਾਰ ਹੋਣ ਵਾਲਾ ਕਿਸੇ ਦੇ ਬੁਰੇ ਕੰਮਾਂ ਦਾ ਦੋਸ਼ੀ ਨਹੀਂ ਬਣ ਜਾਂਦਾ। ਉਹਨਾਂ ਲਿਖਿਆ ਕਿ ਇਕ ਗੈਂਗ ਨੇ ਮਨਕੀਰਤ ਨੂੰ ਧਮਕੀ ਦੇ ਦਿੱਤੀ ਤੇ ਕੁਝ ਮੀਡੀਆ ਚੈਨਲਾਂ ਵੱਲੋਂ ਮਨਕੀਰਤ ਦੀਆਂ 8-10 ਸਾਲ ਪੁਰਾਣੀਆਂ ਫੋਟੋਆਂ ਚੁੱਕ ਭੰਡੀ ਪਰਚਾਰ ਕੀਤਾ ਜਾ ਰਿਹਾ ਹੈ ਤੇ ਹੁਣ ਉਸ ਨੂੰ ਬਿਸ਼ਨੋਈ ਗੈਂਗ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਸਿਮਰਨਜੀਤ ਕੌਰ ਨੇ ਕਿਹਾ, “ਜਦੋਂ ਅਸੀਂ ਸਭ ਪੰਜਾਬ ਯੂਨੀਵਰਸਿਟੀ ਹੁੰਦੇ ਸੀ ਤਾਂ ਸਾਡੀ ਸਭ ਦੀ ਇਕ ਪਾਰਟੀ ਸੀ ਸੋਪੂ (SOPU)। ਅਸੀਂ ਸਭ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸੀ। ਫਿਰ ਅਸੀਂ ਕੁੱਝ ਬਰਿੰਦਰ ਬਾਈ ਅਤੇ ਗੋਲਡੀ ਬਾਈ ਨਾਲ NSUI ਵਿਚ ਚਲੇ ਗਏ। ਵਿੱਕੀ ਤੇ ਰੋਬਿਨ ਬਰਾੜ ਸੋਈ (SOI) ’ਚ ਚਲੇ ਗਏ ਪਰ ਸਭ ਦੇ ਨਿੱਜੀ ਤੌਰ ’ਤੇ ਰਿਸ਼ਤੇ ਵੀ ਰਹੇ”।

ਉਹਨਾਂ ਦੱਸਿਆ ਕਿ ਉਸ ਦੌਰਾਨ ਲੜਾਈਆਂ ਵਿਚ ਜ਼ਿਆਦਾ ਰਹਿਣ ਕਰਕੇ ਬਿਸ਼ਨੋਈ ਤੇ ਹੋਰ ਲੋਕ ਅਪਰਾਧ ਦੀ ਦੁਨੀਆਂ ਵਿਚ ਚਲੇ ਗਏ ਅਤੇ SOPU ਸਿਰਫ ਇਹਨਾਂ ਦੀ ਪਾਰਟੀ ਬਣ ਕੇ ਰਹਿ ਗਈ। ਮਨਕੀਰਤ, ਹਰਫ ਚੀਮਾ, ਬਿਨੈਪਾਲ ਬੂਟਰ, ਇਹ ਸਭ ਆਪਣੀ ਕਲਾਕਾਰੀ ਵਿਚ ਹਿੱਟ ਹੋ ਗਏ। ਇਸ ਤਰ੍ਹਾ ਸਭ ਆਪੋ-ਆਪਣੇ ਰਾਹ ਚੁਣ ਆਪੋ-ਆਪਣੇ ਮਕਸਦ ਨੂੰ ਪਾਉਂਦੇ ਗਏ। ਉਹਨਾਂ ਕਿਹਾ, “ਪੁਰਾਣੇ ਜਾਣਕਾਰ ਹੋਣਾ ਕਿਸੇ ਨੂੰ ਵੀ ਇਕ ਦੂਜੇ ਦੇ ਕਰਮਾਂ ਦਾ ਦੋਸ਼ੀ ਨਹੀਂ ਬਣਾਉਂਦਾ। 2011-12 ਅਸੀ ਸਭ ਇਕੋ ਪਾਰਟੀ ਚ ਸੀ। ਅੱਜ ਸੱਭ ਦੇ ਰਾਹ ਅਲੱਗ ਹਨ, ਜੇਕਰ ਮਨਕੀਰਤ ਨੇ ਆਪਣੀ ਪੋਸਟ ਵਿਚ ਬਿਸ਼ਨੋਈ ਨੂੰ ਵੀਰ ਲਿਖਤਾ ਕੀ ਗੁਨਾਹ ਕਰਤਾ???? ਉਸ ਸਮੇਂ ਉਹਨੂੰ ਕੀ ਪਤਾ ਸੀ ਉਹ ਮੁੰਡਾ ਅੱਜ ਦਾ ਗੈਂਗਸਟਾਰ ਹੋਵੇਗਾ???”

ਸਿਮਰਨਜੀਤ ਕੌਰ ਨੇ ਕਿਹਾ ਕਿ ਪਹਿਲਾ ਗੁਰਲਾਲ ਨੂੰ ਮਾਰਿਆ ਇਹਨਾਂ, ਫਿਰ ਵਿੱਕੀ ਬਾਈ ਜਿਨ੍ਹਾਂ ਨੇ ਆਮ ਘਰਾਂ ਤੋਂ ਉੱਠ ਕੇ ਆਪਣੇ ਆਪ ਨੂੰ ਕਿਸੇ ਮੁਕਾਮ ’ਤੇ ਖੜ੍ਹੇ ਕੀਤਾ ਸੀ। ਫਿਰ ਹੁਣ ਬੇਰਿਹਮੀ ਨਾਲ ਉਸ ਨੂੰ ਮਾਰ ਦਿੱਤਾ ਜਿਸ ਨੇ ਗਰੀਬੀ ’ਚੋਂ ਨਿਕਲ ਕੇ ਮਿਹਨਤਾਂ ਕਰਕੇ ਕਨੈਡਾ ਤੋਂ ਪੰਜਾਬ ਦੇ ਪਿੰਡ ਵਾਪਸੀ ਕੀਤੀ, ਟਿੱਬਿਆ ਦਾ ਪੁੱਤ ਬਣਿਆ। ਜਿਸ ਦਾ ਗੈਂਗ ਨਾਲ ਨੇੜੇ-ਤੇੜੇ ਦਾ ਕੋਈ ਵਾਹ ਵਾਸਤਾ ਨੀ ਸੀ। ਹੁਣ ਇਹ ਮਨਕੀਰਤ ਨੂੰ ਧਮਕੀਆ ਦੇ ਰਹੇ ਨੇ। ਕੀ ਤੁਸੀਂ ਹੁਣ ਉਸ ਨੂੰ ਵੀ ਮਰਵਾਉਣਾ ਚਾਹੁੰਦੇ ਹੋ?

ਉਹਨਾਂ ਕਿਹਾ, “ਮਨਕੀਰਤ ਨੂੰ ਅਸੀ ਅੱਖੀਂ ਮਿਹਨਤ ਕਰਦੇ ਦੇਖਿਆ, ਉਹ ਵੀ ਇਕ ਆਮ ਪਰਿਵਾਰ ਤੋਂ ਮਿਹਨਤ ਕਰਕੇ ਉੱਠਿਆ, ਹੁਣ ਉਸ ਦੀਆਂ ਪੁਰਾਣੀਆਂ ਫੋਟੋਆਂ ਗਲਤ ਤਰੀਕੇ ਵਾਇਰਲ ਕਰਕੇ ਅਤੇ ਵਿੱਕੀ ਬਾਈ ਤੇ ਸ਼ੁਭਦੀਪ ਸਿੱਧੂ ਮੁਸੇਵਾਲਾ ਦੇ ਕਤਲ ਨੂੰ ਜੋੜ ਕੇ ਅਤੇ ਇਹ ਗੈਂਗਸਟਾਰਾਂ ਦੇ ਕਾਰਨਾਮਿਆਂ ਨੂੰ ਹਵਾ ਦੇ ਰਹੇ ਹਨ। ਜਦਕਿ ਦੋਨਾਂ ਦੇ ਕਤਲ ਇਹਨਾਂ ਗੈਂਗਾਂ ਵਲੋਂ ਕੀਤਾ ਗਿਆ ਪਰ ਇਹ ਨਾਂ ਕਿਸੇ ਗੈਗ ਦੇ ਗਰੁੱਪ ਦੇ ਸਨ ਨਾ ਹੀ ਗੈਂਗਸਟਰ”। ਸਿਰਮਨਜੀਤ ਕੌਰ ਨੇ ਅਪੀਲ ਕੀਤੀ ਕਿ ਗੈਂਗਸਟਰਾਂ ਨੂੰ ਉਤਸ਼ਾਹ ਦੇਣ ਵਾਲੇ ਗੀਤਾਂ ’ਤੇ ਵੀ ਰੋਕ ਲਾਈ ਜਾਵੇ, ਪੰਜਾਬ ਨੂੰ ਪੰਜਾਬ ਰੱਖੋ ਮਿਰਜ਼ਾਪੁਰ ਨਾ ਬਣਾਉ।

Posted on 4th June 2022

Latest Post