ਹੁਣ ਪੰਜਾਬ ਦੀਆਂ ਜੇਲ੍ਹਾਂ ’ਚ ਤੈਨਾਤ ਹੋਣਗੇ ਖੁਫ਼ੀਆ ਅਧਿਕਾਰੀ, ਜੈਮਰ ਦੀ ਖਰਾਬੀ ‘ਤੇ ਅਫ਼ਸਰ ਹੋਣਗੇ ਜ਼ਿੰਮੇਵਾਰ

Spread the love

ਚੰਡੀਗੜ੍ਹ: ਜੇਲ੍ਹ ‘ਚੋਂ ਚੱਲ ਰਹੇ ਗੈਂਗਸਟਰਾਂ, ਮੋਬਾਈਲਾਂ ਦੀ ਬਰਾਮਦਗੀ, ਨਸ਼ਿਆਂ ਦੇ ਮੱਦੇਨਜ਼ਰ ਸਰਕਾਰ ਵੱਡੇ ਬਦਲਾਅ ਕਰਨ ਜਾ ਰਹੀ ਹੈ। ਨਵੀਂ ਨੀਤੀ ਤਹਿਤ ਪੰਜਾਬ ਦੀਆਂ ਜੇਲ੍ਹਾਂ ਵਿਚ ਪਹਿਲੀ ਵਾਰ ਖੁਫ਼ੀਆ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਜੇਕਰ ਜੈਮਰ ਖਰਾਬ ਪਾਇਆ ਗਿਆ ਤਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਦਿਨ ਵਿਚ ਦੋ ਵਾਰ ਗੈਂਗਸਟਰਾਂ ਅਤੇ ਅਤਿਵਾਦੀਆਂ ਦੀਆਂ ਬੈਰਕਾਂ ਦੀ ਚੈਕਿੰਗ ਕੀਤੀ ਜਾਵੇਗੀ। ਹਾਰਡ ਕੋਰ ਅਤਿਵਾਦੀਆਂ, ਗੈਂਗਸਟਰਾਂ ਨੂੰ ਅਲੱਗ ਰੱਖਿਆ ਜਾਵੇਗਾ।

ਬੈਰਕਾਂ ਵਿਚ ਇਕ ਦੀ ਥਾਂ 3 ਵਾਰਡਨ ਤਾਇਨਾਤ ਕੀਤੇ ਜਾਣਗੇ। ਲੋੜ ਪੈਣ ‘ਤੇ ਨਵੀਆਂ ਬੈਰਕਾਂ ਬਣਾਈਆਂ ਜਾਣਗੀਆਂ। ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ, ਗੈਂਗਸਟਰ ਹੁਣ ਜੇਲ੍ਹਾਂ ਵਿਚੋਂ ਨਹੀਂ ਚੱਲ ਸਕਣਗੇ। ਇਸ ਸਬੰਧੀ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਗਈ ਹੈ। ਜੇਲ੍ਹਾਂ ਵਿਚ ਜੈਮਰ ਲਗਾ ਕੇ ਨਿਗਰਾਨੀ ਰੱਖੀ ਜਾਵੇਗੀ। ਊਣਤਾਈਆਂ ਦੀ ਸੂਰਤ ਵਿਚ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਸਰਕਾਰ 5200 ਜੇਲ੍ਹ ਵਾਰਡਨ ਦੀ ਭਰਤੀ ਕਰੇਗੀ। ਇਸ ਸਬੰਧੀ ਜਲਦੀ ਹੀ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਭਰਤੀ ਪ੍ਰਕਿਰਿਆ ਪੂਰੀ ਹੋਣ ‘ਤੇ ਕਮਾਂਡੋ ਟਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਫੌਜ ਦੀ ਤਰ੍ਹਾਂ ਜੇਲ੍ਹ ਸਟਾਫ ਦਾ ਹਰ ਕਰਮਚਾਰੀ ਕਿਸੇ ਵੀ ਸਥਿਤੀ ਨਾਲ ਨਜਿੱਠ ਸਕੇ। ਇਸ ਤੋਂ ਇਲਾਵਾ ਕੈਦੀਆਂ ਦੇ ਪੈਰੋਲ ‘ਤੇ ਜਾਣ ਦੇ ਨਿਯਮਾਂ ‘ਚ ਸੋਧ ਕੀਤੀ ਜਾਵੇਗੀ।

Posted on 4th June 2022

Latest Post