ਚੰਡੀਗੜ੍ਹ: ਸ਼ਹਿਰ ਵਿਚ ਗੈਰ-ਕਾਨੂੰਨੀ ਅਤੇ ਗੈਰ-ਮਨਜ਼ੂਰਸ਼ੁਦਾ ਹੋਰਡਿੰਗਜ਼ ਨੂੰ ਲੈ ਕੇ ਨਗਰ ਨਿਗਮ ਚੰਡੀਗੜ੍ਹ ਸਖ਼ਤ ਹੋ ਗਿਆ ਹੈ। ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਇਸ ਸਬੰਧੀ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਨਿਗਮ ਦੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਸ਼ਹਿਰ ਭਰ ਵਿਚ ਅਜਿਹੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਸ਼ਹਿਰ ਦੇ ਬਾਜ਼ਾਰਾਂ ਦੀ ਲਗਾਤਾਰ ਚੈਕਿੰਗ ਕਰਕੇ ਨਾਜਾਇਜ਼ ਹੋਰਡਿੰਗਜ਼ ਨੂੰ ਹਟਾਇਆ ਜਾਵੇ। ਐਡਵਰਟਾਈਜ਼ਿੰਗ ਕੰਟਰੋਲ ਆਰਡਰ 1954 ਤਹਿਤ ਤੈਅ ਕੀਤੇ ਪ੍ਰਬੰਧਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਚੰਡੀਗੜ੍ਹ ਦੀ ਸੜਕ ਸੁਰੱਖਿਆ ਅਤੇ ਸੁੰਦਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਵੀ ਚੰਡੀਗੜ੍ਹ ਨਗਰ ਨਿਗਮ ਨੇ ਇਹ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਨੇ ਅਪ੍ਰੈਲ ਮਹੀਨੇ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸ਼ਹਿਰ ‘ਚ ਬਿਨ੍ਹਾਂ ਮਨਜ਼ੂਰੀ ਤੋਂ ਬੈਨਰ ਲਗਾਉਣ ‘ਤੇ 29,300 ਰੁਪਏ ਦਾ ਚਲਾਨ ਕੀਤਾ ਸੀ। ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਿਗਮ ਦੇ ਇਨਫੋਰਸਮੈਂਟ ਵਿੰਗ ਨੇ ਸੈਕਟਰ 22 ਤੋਂ ਨਾਜਾਇਜ਼ ਬੋਰਡਾਂ/ਬੈਨਰਾਂ ਨੂੰ ਹਟਾ ਦਿੱਤਾ।
ਇਹ ਚੰਡੀਗੜ੍ਹ ਐਡਵਰਟਾਈਜ਼ਿੰਗ ਕੰਟਰੋਲ ਆਰਡਰ 1954 ਦੇ ਨਿਯਮਾਂ ਦੀ ਉਲੰਘਣਾ ਕਰਕੇ ਲਗਾਏ ਗਏ ਸਨ। ਇਹਨਾਂ ਬੋਰਡਾਂ/ਹੋਰਡਿੰਗਜ਼ ਨੂੰ ਲਗਾਉਣ ਵਾਲਿਆਂ ਕਰੀਬ ਡੇਢ ਲੱਖ ਰੁਪਏ ਜੁਰਮਾਨੇ ਦੇ ਨੋਟਿਸ ਭੇਜੇ ਗਏ ਹਨ। ਉਲੰਘਣਾ ਕਰਨ ਵਾਲਿਆਂ ਵਿਚ ਖੇਤਰੀ ਮੈਨੇਜਰ ਕੇਨਨ, ਖੇਤਰੀ ਮੈਨੇਜਰ ਗੋ ਮਕੈਨਿਕ, ਖੇਤਰੀ ਮੈਨੇਜਰ ਕਨੈਕਟ, ਬੈਸਟ ਐਵਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਪੋਰਟਰ ਸ਼ਾਮਲ ਸਨ। ਚੰਡੀਗੜ੍ਹ ਐਡਵਰਟਾਈਜ਼ਿੰਗ ਕੰਟਰੋਲ ਆਰਡਰ 1954 ਦੀ ਪਾਲਣਾ ਕਰਨ ਵਿਚ ਅਸਫਲ ਰਹਿਣ ਵਾਲਿਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਸ਼ਹਿਰ ਦੇ ਹੋਰ ਬਾਜ਼ਾਰਾਂ ਵਿਚ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕਮਿਸ਼ਨਰ ਨੇ ਹਦਾਇਤ ਦਿੱਤੀ ਕਿ ਸਾਰੇ ਹੋਰਡਿੰਗਜ਼, ਜੋ ਕਿ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੰਨੇ ਜਾਂਦੇ ਹਨ, ਨੂੰ ਹਟਾ ਦਿੱਤਾ ਜਾਵੇ। ਕਮਿਸ਼ਨਰ ਨੇ ਦੱਸਿਆ ਕਿ ਚੰਡੀਗੜ੍ਹ ਐਡਵਰਟਾਈਜ਼ਿੰਗ ਕੰਟਰੋਲ ਆਰਡਰ 1954 ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨ ਸਬੰਧੀ ਅਪ੍ਰੈਲ ਮਹੀਨੇ ਵਿਚ ਜਾਗਰੂਕਤਾ ਮੀਟਿੰਗਾਂ ਕੀਤੀਆਂ ਗਈਆਂ ਸਨ। ਇਹ ਹੁਕਮ ਸੜਕ ਸੁਰੱਖਿਆ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਧਿਆਨ ਵਿਚ ਰੱਖਦਿਆਂ ਜਾਰੀ ਕੀਤਾ ਗਿਆ ਹੈ। ਨਿਯਮਾਂ ਅਨੁਸਾਰ ਕਿਸੇ ਵੀ ਤਰੀਕੇ ਨਾਲ ਲੋਕਾਂ ਲਈ ਇਸ਼ਤਿਹਾਰ ਲਗਾਉਣ ਲਈ ਨਿਗਮ ਦੇ ਸਬੰਧਤ ਅਥਾਰਟੀ ਦੀ ਅਗਾਊਂ ਪ੍ਰਵਾਨਗੀ ਜ਼ਰੂਰੀ ਹੈ।