ਜ਼ਮਾਨਤ ਲਈ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚੇ ਬਿਕਰਮ ਮਜੀਠੀਆ, ਇਸੇ ਹਫਤੇ ਹੋ ਸਕਦੀ ਹੈ ਸੁਣਵਾਈ

Spread the love

ਚੰਡੀਗੜ੍ਹ: ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਜ਼ਮਾਨਤ ਲਈ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚੇ ਹਨ। ਉਹਨਾਂ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਮਾਮਲੇ ਦੀ ਸੁਣਵਾਈ ਇਸੇ ਹਫਤੇ ਹੋਣ ਦੀ ਸੰਭਾਵਨਾ ਹੈ। ਹਾਈ ਕੋਰਟ ਦੀ ਡਬਲ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗੀ। ਇਸ ਤੋਂ ਪਹਿਲਾਂ ਮਜੀਠੀਆ ਨੇ ਡਰੱਗਜ਼ ਕੇਸ ਨੂੰ ਖਾਰਜ ਕਰਨ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ।

ਹਾਲਾਂਕਿ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਨੇ ਬਿਕਰਮ ਮਜੀਠੀਆ ਨੂੰ ਕੇਸ ਖਾਰਜ ਕਰਨ ਅਤੇ ਜ਼ਮਾਨਤ ਲਈ ਹਾਈ ਕੋਰਟ ਦੇ ਡਿਵੀਜ਼ਨਲ ਬੈਂਚ ਕੋਲ ਪਹੁੰਚ ਕਰਨ ਲਈ ਕਿਹਾ ਸੀ। ਦੱਸ ਦੇਈਏ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਹੋਇਆ ਸੀ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਚੋਣ ਲੜਨ ਤੱਕ ਗ੍ਰਿਫਤਾਰੀ ਤੋਂ ਰਾਹਤ ਦਿੱਤੀ ਸੀ। ਵੋਟਿੰਗ ਤੋਂ ਬਾਅਦ ਮਜੀਠੀਆ ਨੇ 24 ਫਰਵਰੀ ਨੂੰ ਮੁਹਾਲੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ।

ਇਸ ਤੋਂ ਬਾਅਦ 10 ਮਾਰਚ ਨੂੰ ਜਦੋਂ ਚੋਣ ਨਤੀਜੇ ਆਏ ਤਾਂ ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਚੋਣ ਹਾਰ ਗਏ। ਬਿਕਰਮ ਮਜੀਠੀਆ ਦੇ ਵਕੀਲਾਂ ਦੀ ਦਲੀਲ ਹੈ ਕਿ ਸਿਆਸੀ ਬਦਲਾਖੋਰੀ ਦੇ ਚਲਦਿਆਂ ਉਹਨਾਂ ਖ਼ਿਲਾਫ਼ ਨਸ਼ਿਆਂ ਦਾ ਕੇਸ ਦਰਜ ਕੀਤਾ ਗਿਆ ਹੈ। ਕਾਂਗਰਸ ਸਰਕਾਰ ਨੇ ਚੋਣਾਂ ਤੋਂ ਠੀਕ ਪਹਿਲਾਂ ਇਹ ਕੇਸ ਦਰਜ ਕੀਤਾ ਸੀ।

Posted on 17th May 2022

Latest Post