ਹਰਿਆਣਾ ਦੇ ਪੰਚਕੂਲਾ ਦੇ ਅਮਰਾਵਤੀ ਦੇ ਇੱਕ ਸਿਨੇਮਾ ਹਾਲ ਦੇ ਬਾਹਰ ਬੀਤੀ ਰਾਤ ਗੈਂਗਵਾਰ ਹੋਈ ਹੈ। ਰਾਤ ਕਰੀਬ 10:30 ਵਜੇ ਦੇ ਕਾਰ ਸਵਾਰ ਹਮਲਾਵਰਾਂ ਨੇ 2 ਨੌਜਵਾਨ ‘ਤੇ ਗੋਲੀਆਂ ਚਲਾਈਆਂ। ਇਸ ਹਮਲੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋ ਕਿ ਦੂਜਾ ਨੌਜਵਾਨ ਜ਼ਖਮੀ ਹੈ। ਦੋ ਨੌਜਵਾਨਾਂ ਨੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਕੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸੂਚਨਾ ਮਿਲਣ ‘ਤੇ ਡੀਸੀਪੀ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਪਰਮਾਣੂ ਦੇ ਨੇੜੇ ਇੱਕ ਪਿੰਡ ਦਾ ਰਹਿਣ ਵਾਲੇ ਸੋਨੂੰ ਵਜੋਂ ਹੋਈ ਹੈ। ਉਹ ਆਪਣੇ ਦੋਸਤ ਪ੍ਰਿੰਸ ਅਤੇਇੱਕ ਮਹਿਲਾ ਮਿੱਤਰ ਨਾਲ ਫਿਲਮ ਦੇਖਣ ਲਈ ਅਮਰਾਵਤੀ ਆਇਆ ਸੀ। ਰਾਤ 10:30 ਵਜੇ ਦੇ ਕਰੀਬ ਜਦੋਂ ਉਹ ਫਿਲਮ ਦੇਖ ਕੇ ਬਾਹਰ ਆਏ ਤਾਂ ਸਵਿਫਟ ਕਾਰ ਵਿੱਚ ਸਵਾਰ ਨੌਜਵਾਨਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਸੋਨੂੰ ਅਤੇ ਉਸਦਾ ਦੋਸਤ ਗੰਭੀਰ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਇੱਕ ਵਿਅਕਤੀ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸੋਸ਼ਲ ਅਪਲੋਡ ਕੀਤਾ ਗਿਆ ਹੈ। ਇਸ ਵੀਡੀਓ ਵਿੱਚ, ਦੋ ਨੌਜਵਾਨ ਚੱਲਦੀ ਕਾਰ ਵਿੱਚ ਬੈਠੇ ਹਨ। ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਉਸਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਆਪਸੀ ਰੰਜਿਸ਼ ਕਾਰਨ ਸੋਨੂੰ ਨੂੰ ਮਾਰਿਆ ਹੈ। ਇਸ ਵੀਡੀਓ ਵਿੱਚ ਉਸਦਾ ਸਾਥੀ ਵੀ ਪਿਸਤੌਲ ਫੜਿਆ ਹੋਇਆ ਦਿਖਾਈ ਦੇ ਰਿਹਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਰਾਤ ਕਰੀਬ 11 ਵਜੇ ਘਟਨਾ ਸਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਭਾਰੀ ਪੁਲਿਸ ਫੋਰਸ ਅਮਰਾਵਤੀ ਪਹੁੰਚ ਗਈ। ਜ਼ਖਮੀਆਂ ਨੂੰ ਇਲਾਜ ਲਈ ਸੈਕਟਰ-6 ਸਿਵਲ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਸੋਨੂੰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਉਸਦੇ ਸਾਥੀ ਨੂੰ ਗੰਭੀਰ ਹਾਲਤ ਕਾਰਨ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਹਮਲਾਵਰਾਂ ਨੂੰ ਫੜਨ ਲਈ ਅਮਰਾਵਤੀ ਅਤੇ ਸ਼ਹਿਰ ਵਿੱਚ ਸਖ਼ਤ ਨਾਕਾਬੰਦੀ ਕੀਤੀ ਗਈ ਹੈ। ਪੁਲਿਸ ਟੀਮਾਂ ਉਨ੍ਹਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।