ਲੁਧਿਆਣਾ ਵਿੱਚ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਜਰਨੈਲ ਸਿੰਘ (17) ਵਜੋਂ ਹੋਈ ਹੈ। ਜਰਨੈਲ ਸਿੰਘ ਨੇ ਪੰਜਾਬ ਸਿੱਖਿਆ ਬੋਰਡ ਤੋਂ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਉਹ ਨੰਬਰ ਘੱਟ ਆਉਣ ਕਰਕੇ ਕਲਾਸ ਵਿੱਚ ਫੇਲ੍ਹ ਹੋ ਗਿਆ, ਜਿਸ ਦੇ ਤਣਾਅ ਦੇ ਚੱਲਦੇ ਉਸ ਨੇ ਖੁਦਕੁਸ਼ੀ ਕਰ ਲਈ। ਵਿਦਿਆਰਥੀ ਦੀ ਲਾਸ਼ ਦਾ ਪੋਸਟਮਾਰਟਮ ਅੱਜ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਕੀਤਾ ਜਾਵੇਗਾ। ਜਵਾਨ ਪੁੱਤ ਦੀ ਮੌਤ ‘ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਜਾਣਕਾਰੀ ਦਿੰਦਿਆਂ ਲਾਡੋਵਾਲ ਥਾਣੇ ਦੀ ਐਸਐਚਓ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਜਰਨੈਲ ਸਿੰਘ ਪਿੰਡ ਛਾਹੜ ਦਾ ਰਹਿਣ ਵਾਲਾ ਸੀ। ਪੰਜਾਬ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਆ ਗਿਆ ਸੀ। ਉਹ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਉਹ ਪ੍ਰੀਖਿਆ ਵਿੱਚ 3 ਪੇਪਰਾਂ ਵਿੱਚ ਫੇਲ੍ਹ ਹੋ ਗਿਆ। ਜਰਨੈਲ ਸਿੰਘ ਦੇ ਪਿਤਾ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਦੋ ਪੁੱਤਰ ਰਾਜਵਿੰਦਰ ਸਿੰਘ ਤੇ ਜਰਨੈਲ ਸਿੰਘ ਸਨ। ਜਰਨੈਲ ਨੇ ਰਾਤ ਨੂੰ ਪਰਿਵਾਰ ਨੂੰ ਕਿਹਾ ਕਿ ਉਹ ਸੌਣ ਲਈ ਛੱਤ ‘ਤੇ ਜਾ ਰਿਹਾ ਹੈ। ਜਦੋਂ ਉਹ ਵੀਰਵਾਰ ਸਵੇਰੇ 8 ਵਜੇ ਤੱਕ ਹੇਠਾਂ ਨਹੀਂ ਆਇਆ, ਤਾਂ ਪਰਿਵਾਰ ਨੂੰ ਵੇਖਣ ਗਿਆ। ਇੱਥੇ ਉਸਨੇ ਲੋਹੇ ਦੇ ਐਂਗਲ ‘ਤੇ ਪਰਨਾ ਬੰਨ੍ਹ ਕੇ ਫਾਹਾ ਲੈ ਲਿਆ ਸੀ। ਜਰਨੈਲ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ। ਹਸਪਤਾਲ ਤੋਂ ਲਾਡੋਵਾਲ ਥਾਣੇ ਨੂੰ ਇੱਕ ਪੱਤਰ ਮਿਲਿਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਜਰਨੈਲ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਅੱਜ ਜਰਨੈਲ ਦਾ ਪੋਸਟਮਾਰਟਮ ਕਰਨ ਤੋਂ ਬਾਅਦ, ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।