ਜਲੰਧਰ/ਸੀਚੇਵਾਲ— ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਵਿਖੇ ਸੀਚੇਵਾਲ ‘ਚ ਸੰਤ ਬਾਬਾ ਅਵਤਾਰ ਸਿੰਘ ਦੀ 34ਵੀਂ ਬਰਸੀ ਮੌਕੇ ਸ਼ਿਰਕਤ ਕਰਨ ਪੁੱਜੇ। ਸੰਤ ਬਾਬਾ ਅਵਤਾਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਲੋਕਾਂ ਦਾ ਧੰਨਵਾਦ ਕਰਦੇ ਕਿਹਾ ਕਿ ਇੰਨੀ ਗਰਮੀ ‘ਚ ਵੀ ਲੋਕ ਇਥੇ ਵੱਡੀ ਗਿਣਤੀ ‘ਚ ਮੌਜੂਦ ਹੋਏ ਹਨ। ਉਨ੍ਹਾਂ ਕਿਹਾ ਕਿ ਇਥੇ ਆ ਕੇ ਬੇਹੱਦ ਖ਼ੁਸ਼ੀ ਹੋਈ ਹੈ। ਇਥੇ ਵਾਤਾਵਰਣ ਪ੍ਰੇਮੀ ਲੋਕ ਰਹਿੰਦੇ ਹਨ, ਕਿਉਂਕਿ ਇਥੇ ਕੁਦਰਤ ਨੂੰ ਬਚਾਇਆ ਗਿਆ ਹੈ।
ਇਥੇ ਪਾਣੀ ਨੂੰ ਪਿਤਾ ਦਾ ਦਰਜਾ, ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਝੋਨੇ ਤੋਂ ਬਦਲਵੀਆਂ ਫਸਲਾਂ ਵੀ ਕਿਸਾਨਾਂ ਨੂੰ ਦੇਈਏ ਅਤੇ ਐੱਮ. ਐੱਸ. ਪੀ. ਵੀ ਦੇਈਏ। ਅਸੀਂ ਮੂੰਗੀ ਦੀ ਸ਼ੁਰੂਆਤ ਕੀਤੀ ਹੈ ਅਗਲੀ ਵਾਰ ਬਾਜਰਾ, ਮੱਕੀ, ਸੂਰਜਮੁਖੀ, ਦਾਲਾਂ ਅਤੇ ਸਰ੍ਹੋਂ ਵੀ ਚੁੱਕਾਂਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ 20 ਲੱਖ ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਹੋਈ ਹੈ। ਇਸ ਮੌਕੇ ਸੰਤ ਸੀਚੇਵਾਲ ਨੂੰ ਬੋਲਦਿਆਂ ਕਿਹਾ ਕਿ ਵਾਤਾਵਰਣ ਨੂੰ ਸੁਧਾਰਨ ਲਈ ਤੁਸੀਂ ਸਾਨੂੰ ਸੁਝਾਅ ਦਿਓ ਅਤੇ ਉਨ੍ਹਾਂ ਨੂੰ ਲਾਗੂ ਜ਼ਰੂਰ ਕਰਾਂਗੇ।