ਸਿੱਧੂ ਮੂਸੇਵਾਲਾ ਮਾਮਲਾ: ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਕਾਂਗਰਸ ਦਾ ਜ਼ੋਰਦਾਰ ਪ੍ਰਦਰਸ਼ਨ

Spread the love

ਨਵੀਂ ਦਿੱਲੀ: ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਹੱਤਿਆ ਮਾਮਲੇ ਨੂੰ ਲੈ ਕੇ ਕਾਂਗਰਸ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਚਲਦਿਆਂ ਦਿੱਲੀ ਪ੍ਰਦੇਸ਼ ਕਾਂਗਰਸ ਨੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਨੇੜੇ ਵਿਰੋਧ ਪ੍ਰਦਰਸ਼ਨ ਕੀਤਾ।

ਕਾਂਗਰਸ ਨੇ ਗਾਇਕ ਦੇ ਕਤਲ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਚੌਧਰੀ ਅਨਿਲ ਕੁਮਾਰ ਸਮੇਤ ਪ੍ਰਦਰਸ਼ਨਕਾਰੀ ਸੁਸ਼ਰੁਤਾ ਟਰਾਮਾ ਸੈਂਟਰ ਤੋਂ ਕੇਜਰੀਵਾਲ ਦੀ ਰਿਹਾਇਸ਼ ਵੱਲ ਵਧੇ ਪਰ ਪੁਲਿਸ ਨੇ ਬੈਰੀਕੇਡ ਲਗਾ ਕੇ ਉਹਨਾਂ ਨੂੰ ਰੋਕ ਦਿੱਤਾ।

ਅਨਿਲ ਕੁਮਾਰ ਨੇ ਕਿਹਾ, “ਸਿੱਧੂ ਮੂਸੇਵਾਲਾ ਦੇ ਦਿਨ-ਦਿਹਾੜੇ ਕਤਲੇਆਮ ਲਈ ‘ਆਪ’ ਸਰਕਾਰ ਜ਼ਿੰਮੇਵਾਰ ਹੈ। ਅਰਵਿੰਦ ਕੇਜਰੀਵਾਲ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਦੋਂ ਮੂਸੇਵਾਲਾ ਦੀ ਜਾਨ ਨੂੰ ਖਤਰਾ ਸੀ ਅਤੇ ਪੰਜਾਬ ਦੀਆਂ ਖੁਫੀਆ ਏਜੰਸੀਆਂ ਨੂੰ ਇਸ ਬਾਰੇ ਪਤਾ ਸੀ ਤਾਂ ਉਸ ਦੀ ਸੁਰੱਖਿਆ ਕਿਉਂ ਵਾਪਸ ਲਈ ਗਈ।” ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

Posted on 30th May 2022

Latest Post