Sadhu Singh Dharamsot arrested-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵੱਡੀ ਕਾਰਵਾਈ ਕਰਦਿਆਂ ਸੂਬੇ ਦੀ ਵਿਜੀਲੈਂਸ ਬਿਊਰੋ (ਵੀਬੀ) ਨੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਲੀਡਰ ਸਾਧੂ ਸਿੰਘ ਧਰਮਸੋਤ (Sadhu Singh Dharamsot) ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਓਰੋ (Vigilance Bureau) ਨੇ ਤੜਕੇ ਤਿੰਨ ਵਜੇ ਅਮਲੋਹ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਕਥਿਤ ਤੌਰ ‘ਤੇ ਸਹਾਇਕ ਵਜੋਂ ਕੰਮ ਕਰ ਰਹੇ ਸਥਾਨਕ ਪੱਤਰਕਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਧਰਮਸੋਤ ‘ਤੇ ਜੰਗਲਾਤ ਮੰਤਰੀ ਰਹਿੰਦੀਆਂ ਘੁਟਾਲੇ ਦੇ ਇਲਜ਼ਾਮ ਹਨ। ਮੰਤਰੀ ਦੀ ਮਿਲੀਭੁਗਤ ਨਾਲ ਦਰੱਖ਼ਤ ਕੱਟੇ ਜਾਂਦੇ ਸੀ। ਇੱਕ ਦਰੱਖਤ ਕੱਟਣ ਦੇ ਮੰਤਰੀ ਤੱਕ 500 ਰੁਪਏ ਪਹੁੰਚਦੇ ਸੀ। ਧਰਮਸੋਤ ‘ਤੇ SC ਸਕਾਲਰਸ਼ਿਪ ਘੁਟਾਲੇ ਦੇ ਵੀ ਇਲਜ਼ਾਮ ਲੱਗੇ ਹਨ। ਹਾਲਾਂਕਿ ਜਾਂਚ ਦੌਰਾਨ ਧਰਮਸੋਤ ਨੂੰ ਤਤਕਾਲੀ ਸਰਕਾਰ ਨੇ ਕਲੀਨਚਿੱਟ ਦਿੱਤੀ ਸੀ।
ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਹੈ ਕਿ ਹੁਣ ਮਾਨ ਸਰਕਾਰ ਖਾਸ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਧਰਮਸੋਤ ਦੀ ਗ੍ਰਿਫਤਾਰੀ ਲਈ ਸਿਆਸੀ ਮਨਜ਼ੂਰੀ ਬੀਤੀ ਰਾਤ ਮੁੱਖ ਮੰਤਰੀ ਨੇ ਦਿੱਤੀ ਸੀ, ਜਿਸ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਜਦੋਂ ਉਹ “ਆਪਣੇ ਹੀ ਕੈਬਨਿਟ ਮੰਤਰੀ (ਵਿਜੇ ਸਿੰਗਲਾ) ਦੀ ਗ੍ਰਿਫਤਾਰੀ ਯਕੀਨੀ ਬਣਾ ਸਕਦੇ ਹਨ, ਤਾਂ ਭ੍ਰਿਸ਼ਟਾਚਾਰ ਲਈ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ”।