ਲਹਿੰਦੇ ਪੰਜਾਬ ਵਿਚ ਵੀ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ’ਚ ਸੋਗ ਦੀ ਲਹਿਰ, ਇੰਝ ਦਿੱਤੀ ਸ਼ਰਧਾਂਜਲੀ

Spread the love

ਲਾਹੌਰ: ਸਿੱਧੂ ਮੂਸੇਵਾਲਾ ਦੇ ਦੁਨੀਆ ਤੋਂ ਰੁਖ਼ਸਤ ਹੋਣ ਜਾਣ ਦਾ ਦੁੱਖ ਉਹਨਾਂ ਦੇ ਫੈਨਜ਼ ਬਰਦਾਸ਼ਤ ਨਹੀਂ ਕਰ ਪਾ ਰਹੇ। ਦੁਨੀਆ ਭਰ ਵਿਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਹੈ। ਅਪਣੇ ਪਸੰਦੀਦਾ ਗਾਇਕ ਨੂੰ ਅੰਤਿਮ ਵਿਦਾਈ ਦੇਣ ਲਈ ਲੱਖਾਂ ਪ੍ਰਸੰਸਕ ਪਿੰਡ ਮੂਸੇ ਪਹੁੰਚੇ। ਸਿੱਧੂ ਮੂਸੇਵਾਲਾ ਦੇ ਸਰਹੱਦੋਂ ਪਾਰ ਵੀ ਲੱਖਾਂ ਪ੍ਰਸ਼ੰਸਕ ਹਨ, ਜੋ ਸਿੱਧੂ ਮੂਸੇਵਾਲਾ ਦੇ ਜਾਣ ‘ਤੇ ਦੁਖੀ ਹਨ। ਸਰਹੱਦ ਪਾਰ ਬੈਠੇ ਪ੍ਰਸ਼ੰਸਕ ਪਿੰਡ ਮੂਸੇ ਤਾਂ ਨਹੀਂ ਪਹੁੰਚ ਸਕੇ ਪਰ ਉਹਨਾਂ ਨੇ ਸਰਹੱਦ ਪਾਰੋਂ ਸਿੱਧੂ ਮੂਸੇਵਾਲਾ ਲਈ ਪਿਆਰ ਭੇਜਿਆ ਹੈ।

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਓਂਕਾਰਾ ‘ਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਅਲੀ ਜਿਆਲੀ ਰਾਜਾ ਨੇ ਪੂਰੇ ਸ਼ਹਿਰ ‘ਚ ਉਹਨਾਂ ਦੇ ਬੈਨਰ ਲਗਾ ਦਿੱਤੇ। ਮੂਸੇਵਾਲਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ। ਉਹਨਾਂ ਦੇ ਇਕ ਪ੍ਰਸ਼ੰਸਕ ਜ਼ਾਕਿਰ ਬਾਲਤਿਸਤਾਨੀ ਨੇ ਵੀ ਇਹੀ ਤਸਵੀਰ ਪੋਸਟ ਕੀਤੀ ਅਤੇ ਲਿਖਿਆ ਕਿ ਜਿਨ੍ਹਾਂ ਨੂੰ ਸਰਹੱਦ ਨੇ ਵਿਛੋੜਿਆ, ਮੂਸੇਵਾਲਾ ਨੇ ਮਿਲਾਇਆ… ਪਾਕਿਸਤਾਨ ਦੁਖੀ ਹੈ। ਪਾਕਿਸਤਾਨ ‘ਚ ਬੈਠੇ ਉਹਨਾਂ ਦੇ ਹਜ਼ਾਰਾਂ ਪ੍ਰਸ਼ੰਸਕਾਂ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਫੜਨ ਦੀ ਅਪੀਲ ਕੀਤੀ ਹੈ।

ਪਾਕਿਸਤਾਨੀ ਅਦਾਕਾਰਾ ਅੰਸਾਰੀ ਬੁਸ਼ਰਾ ਨੇ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਅੰਸਾਰੀ ਬੁਸ਼ਰਾ ਨੇ ਇਹ ਵੀ ਲਿਖਿਆ ਹੈ ਕਿ ਛੋਟੀ ਉਮਰ ਵਿਚ ਕਿਸੇ ਦੀ ਮੌਤ ਦਾ ਦਰਦ ਨਹੀਂ ਦੇਖਿਆ ਜਾਂਦਾ। ਕਿਰਪਾ ਕਰਕੇ ਸਾਰੇ ਗੀਤਾਂ ਵਿਚ ਬੰਦੂਕ ਸੱਭਿਆਚਾਰ ਦਿਖਾਉਣਾ ਬੰਦ ਕਰੋ। ਪ੍ਰਸ਼ੰਸਕਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਸਿੱਧੂ ਮੂਸੇਵਾਲਾ ਨੂੰ ਉਹਨਾਂ ਦਾ ਵਾਅਦਾ ਯਾਦ ਕਰਵਾਇਆ। ਇਕ ਪ੍ਰਸ਼ੰਸਕ ਨੇ ਕਿਹਾ ਕਿ ਤੁਸੀਂ ਇਸ ਸਾਲ ਪਾਕਿਸਤਾਨ ਆਉਣ ਦਾ ਵਾਅਦਾ ਕੀਤਾ ਸੀ। ਇਕ ਸ਼ੋਅ ਲਾਹੌਰ ਅਤੇ ਦੂਜਾ ਇਸਲਾਮਾਬਾਦ ਵਿਚ ਕੀਤਾ ਜਾਣਾ ਸੀ।

ਦੂਜੇ ਪਾਸੇ ਪਾਕਿਸਤਾਨੀ ਫੈਨ ਮਰਮਾਇਆ ਦਾ ਕਹਿਣਾ ਹੈ ਕਿ ਮੈਂ ਆਪਣੇ ਦੋਸਤਾਂ ਨੂੰ ਕਹਿ ਰਹੀ ਸੀ ਕਿ ਜਦੋਂ ਸਿੱਧੂ ਮੂਸੇਵਾਲਾ ਪਾਕਿਸਤਾਨ ‘ਚ ਸ਼ੋਅ ਕਰਨ ਆਉਣਗੇ ਤਾਂ ਉਹ ਜ਼ਰੂਰ ਦੇਖਣ ਜਾਣਗੇ ਪਰ ਅਗਲੇ ਦਿਨ ਉਹਨਾਂ ਦੀ ਮੌਤ ਦੀ ਖਬਰ ਆ ਗਈ। ਇਸ ਨੇ ਮੇਰਾ ਦਿਲ ਤੋੜ ਦਿੱਤਾ। ਸ਼ੁਭਦੀਪ ਸਿੰਘ ਦੇ ਲੱਖਾਂ ਪ੍ਰਸ਼ੰਸਕਾਂ ਸੋਸ਼ਲ ਮੀਡੀਆ ’ਤੇ ਗਾਇਕ ਦੇ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

Posted on 1st June 2022

Latest Post