ਰੂਸ-ਯੂਕਰੇਨ ਜੰਗ : ਯੁੱਧ ‘ਚ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਨਹੀਂ ਕਰੇਗਾ ਰੂਸ

Spread the love

ਰੂਸ-ਯੂਕਰੇਨ ਜੰਗ ਪਿਛਲੇ 70 ਦਿਨਾਂ ਤੋਂ ਜਾਰੀ ਹੈ। ਰੂਸ ਦੇ ਫੌਜੀ ਯੂਕਰੇਨੀ ਸ਼ਹਿਰਾਂ ‘ਤੇ ਮਿਜ਼ਾਈਲਾਂ ਦਾਗ ਰਹੇ ਹਨ। ਹਾਲ ਹੀ ਵਿੱਚ ਰੂਸ ਨੇ ਨਿਊਕਲੀਅਰ ਮਿਜ਼ਾਈਲਾਂ ਦਾਗਣ ਦਾ ਅਭਿਆਸ ਕੀਤਾ, ਜਿਸ ਨਾਲ ਯੂਕਰੇਨ ਵਿੱਚ ਪਰਮਾਣੂ ਹਮਲੇ ਦੇ ਖਤਰੇ ਦੇ ਖਦਸ਼ੇ ਵਧ ਗਏ, ਇਸੇ ਵਿਚਾਲੇ ਰੂਸ ਨੇ ਯੂਕਰੇਨ ਜੰਗ ਦੌਰਾਨ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ।

ਰੂਸੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਲੈਕਸੀ ਜ਼ੈਤਸੇਵ ਨੇ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ‘ਚ ਕਿਹਾ ਗਿਆ ਕਿ ਪੱਛਮੀ ਦੇਸ਼ਾਂ ਨੇ ਯੂਕਰੇਨ ‘ਤੇ ਰੂਸ ਦੀ ਫੌਜੀ ਕਾਰਵਾਈ ਨੂੰ ਲੈ ਕੇ ਪ੍ਰਮਾਣੂ ਜੰਗ ‘ਤੇ ਚਰਚਾ ਸ਼ੁਰੂ ਕਰ ਦਿੱਤੀ ਹੈ ਪਰ ਅਜਿਹਾ ਕਹਿਣਾ ਗਲਤ ਹੈ।

ਇੱਕ ਰਿਪੋਰਟ ਮੁਤਾਬਕ ਰੂਸੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਲੈਕਸੀ ਜ਼ੈਤਸੇਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੱਛਮੀ ਅਧਿਕਾਰੀ ਰੂਸ ਵੱਲੋਂ ਯੂਕਰੇਨ ‘ਤੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨੂੰ ਲੈ ਕੇ ਜਨਤਕ ਬਿਆਨਬਾਜ਼ੀ ਕਰ ਰਹੇ ਹਨ। ਇਹ ਪੂਰੀ ਤਰ੍ਹਾਂ ਗਲਤ ਹੈ ਕਿਉਂਕਿ ਯੂਕਰੇਨ ਦੇ ਖਿਲਾਫ ਮਾਸਕੋ ਦੀ ਕਾਰਵਾਈ ਇੱਕ ਵਿਸ਼ੇਸ਼ ਫੌਜੀ ਕਾਰਵਾਈ ਹੈ।

ਦਰਅਸਲ, ਯੂਕਰੇਨ ਨਾਲ ਚੱਲ ਰਹੇ ਫੌਜੀ ਸੰਘਰਸ਼ ਦੇ ਵਿਚਾਲੇ ਰੂਸੀ ਫੌਜ ਨੇ ਪ੍ਰਮਾਣੂ ਹਮਲੇ ਦਾ ਅਭਿਆਸ ਕੀਤਾ ਸੀ। ਰੂਸੀ ਫੌਜ ਨੇ ਕੈਲਿਨਿਨਗ੍ਰਾਦ ਵਿੱਚ ਪ੍ਰਮਾਣੂ-ਸਮਰੱਥ ਮਿਜ਼ਾਈਲ ਹਮਲੇ ਦਾ ਅਭਿਆਸ ਕੀਤਾ। ਬਾਲਟਿਕ ਸਾਗਰ ਦੇ ਕੰਢੇ ‘ਤੇ ਸਥਿਤ ਕੈਲਿਨਿਨਗ੍ਰਾਦ ਰੂਸ ਦਾ ਮਹੱਤਵਪੂਰਨ ਫੌਜੀ ਅੱਡਾ ਹੈ ਅਤੇ ਇੱਥੇ ਪ੍ਰਮਾਣੂ ਮਿਜ਼ਾਈਲ ਹਮਲੇ ਦੇ ਅਭਿਆਸਾਂ ਤੋਂ ਪੂਰਾ ਯੂਰਪ ਖ਼ਤਰਾ ਮਹਿਸੂਸ ਕਰ ਰਿਹਾ ਹੈ।

ਅਮਰੀਕੀ ਏਜੰਸੀ ਸੀਆਈਏ ਦੇ ਨਿਰਦੇਸ਼ਕ ਵਿਲੀਅਮ ਬਰਨਜ਼ ਨੇ 14 ਅਪ੍ਰੈਲ ਨੂੰ ਕਿਹਾ ਸੀ ਕਿ ਯੂਕਰੇਨ ਵਿੱਚ ਰੂਸ ਨੂੰ ਜੋ ਝਟਕੇ ਲੱਗੇ ਹਨ, ਉਸ ਨੂੰ ਵੇਖਦੇ ਹੋਏ ਰਣਨੀਤਕ ਪ੍ਰਮਾਣੂ ਹਥਿਆਰਾਂ ਜਾਂ ਘੱਟ ਉਪਜ ਵਾਲੇ ਪ੍ਰਮਾਣੂ ਹਥਿਆਰਾਂ ਦੇ ਸੰਭਾਵੀ ਖ਼ਤਰੇ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨੇ ਵੀ ਕਿਹਾ ਹੈ ਕਿ ਵਿਸ਼ਵ ਨੇਤਾਵਾਂ ਨੂੰ ਰੂਸ ਦੇ ਪ੍ਰਮਾਣੂ ਹਥਿਆਰਾਂ ਦੇ ਵਿਸਥਾਰ ਦੇ ਖ਼ਤਰਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।

Posted on 7th May 2022

Latest Post