ਮੋਗਾ : ਹਰਨੀਆ ਦੇ ਆਪ੍ਰੇਸ਼ਨ ਮਗਰੋਂ ਔਰਤ ਦੀ ਮੌਤ, ਪਰਿਵਾਰ ਨੇ ਡਾਕਟਰਾਂ ‘ਤੇ ਲਾਏ ਲਾਪਰਵਾਹੀ ਦੇ ਦੋਸ਼

Spread the love

 

ਮੋਗਾ ਸਿਵਲ ਹਸਪਤਾਲ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰਦੇ ਹੋਏ ਹਸਪਤਾਲ ਪ੍ਰਸ਼ਾਸਨ ਵਿਰੁੱਧ ਸਖ਼ਤ ਰੋਸ ਵਿਖਾਵਾ ਕੀਤਾ। ਮ੍ਰਿਤਕਾ ਦੀ ਪਛਾਣ 30 ਸਾਲਾ ਜੋਤੀ ਵਜੋਂ ਹੋਈ ਹੈ, ਜਿਸਦੀ 3 ਜੂਨ ਨੂੰ ਹਰਨੀਆ ਦੀ ਸਰਜਰੀ ਹੋਈ ਸੀ। ਸਰਜਰੀ ਤੋਂ ਬਾਅਦ ਉਸਦੀ ਸਿਹਤ ਵਿਗੜ ਗਈ। ਹਸਪਤਾਲ ਵਿੱਚ ਵੈਂਟੀਲੇਟਰ ਦੀ ਸਹੂਲਤ ਦੀ ਘਾਟ ਕਾਰਨ, ਉਸਨੂੰ 4 ਜੂਨ ਦੀ ਰਾਤ ਨੂੰ ਇੱਕ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ। ਪਰ ਐਂਬੂਲੈਂਸ ਵਿੱਚ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਜੋਤੀ ਦੀ ਮੌਤ ਹੋ ਗਈ। ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਵੀਰਵਾਰ ਸਵੇਰੇ ਹਸਪਤਾਲ ਦੇ ਮੇਨ ਗੇਟ ਦੇ ਸਾਹਮਣੇ ਸੜਕ ‘ਤੇ ਲਾਸ਼ ਰੱਖ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉਨ੍ਹਾਂ ਡਾਕਟਰ ‘ਤੇ ਲਾਪਰਵਾਹੀ ਅਤੇ ਗਲਤ ਆਪ੍ਰੇਸ਼ਨ ਦਾ ਦੋਸ਼ ਲਗਾਇਆ ਅਤੇ ਮੰਗ ਕੀਤੀ ਕਿ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮ੍ਰਿਤਕ ਦੇ ਦੋ ਮਾਸੂਮ ਬੱਚਿਆਂ ਨੂੰ ਇਨਸਾਫ਼ ਦਿੱਤਾ ਜਾਵੇ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੋਤੀ ਦਾ ਹਰਨੀਆ ਦਾ ਆਪ੍ਰੇਸ਼ਨ 3 ਜੂਨ ਨੂੰ ਮੋਗਾ ਸਿਵਲ ਹਸਪਤਾਲ ਵਿੱਚ ਕੀਤਾ ਗਿਆ ਸੀ। ਆਪ੍ਰੇਸ਼ਨ ਤੋਂ ਬਾਅਦ, ਉਸ ਦੀ ਸਿਹਤ ਵਿਗੜਨ ਲੱਗੀ ਅਤੇ ਉਸ ਨੂੰ ਤੇਜ਼ ਦਰਦ ਹੋਣ ਲੱਗਾ। ਜਦੋਂ ਡਾਕਟਰਾਂ ਨੂੰ ਇਸ ਬਾਰੇ ਦੱਸਿਆ ਗਿਆ, ਤਾਂ ਉਨ੍ਹਾਂ ਨੇ ਸਿਰਫ਼ ਦਰਦ ਦੇ ਟੀਕੇ ਲਾ ਦਿੱਤੇ ਅਤੇ ਮਰੀਜ਼ ਦੇ ਹੱਥ-ਪੈਰ ਬੰਨ੍ਹਣ ਲਈ ਕਿਹਾ। ਹਾਲਤ ਵਿਗੜਦੀ ਰਹੀ, ਪਰ ਸਮੇਂ ਸਿਰ ਕੋਈ ਸਹੀ ਇਲਾਜ ਨਹੀਂ ਕੀਤਾ ਗਿਆ। ਜਦੋਂ ਜੋਤੀ ਦੀ ਹਾਲਤ ਬਹੁਤ ਗੰਭੀਰ ਹੋ ਗਈ, ਤਾਂ ਉਸ ਨੂੰ ਰੈਫਰ ਕਰ ਦਿੱਤਾ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਲਾਪਰਵਾਹੀ ਕਾਰਨ ਇੱਕ ਔਰਤ ਦੀ ਜਾਨ ਚਲੀ ਗਈ। ਜੇਕਰ ਹਸਪਤਾਲ ਵਿੱਚ ਸਹੀ ਸਹੂਲਤਾਂ ਨਾ ਹੁੰਦੀਆਂ, ਤਾਂ ਉਹ ਸਾਨੂੰ ਪਹਿਲਾਂ ਦੱਸਦੇ, ਅਸੀਂ ਆਪ੍ਰੇਸ਼ਨ ਨਹੀਂ ਕਰਵਾਉਂਦੇ। ਮ੍ਰਿਤਕ ਦੇ ਦੋ ਛੋਟੇ ਬੱਚੇ ਹਨ। ਸਾਡੀ ਮੰਗ ਹੈ ਕਿ ਲਾਪਰਵਾਹੀ ਕਰਨ ਵਾਲੇ ਡਾਕਟਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਪੀੜਤ ਪਰਿਵਾਰ ਨੂੰ ਇਨਸਾਫ਼ ਅਤੇ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਸਾਡਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ। ਮੋਗਾ ਦੇ ਐਸਐਮਓ ਡਾ. ਗਗਨਦੀਪ ਸਿੰਘ ਨੇ ਕਿਹਾ ਕਿ 3 ਜੂਨ ਨੂੰ ਜੋਤੀ ਨਾਮ ਦੀ ਇੱਕ ਔਰਤ ਦਾ ਹਰਨੀਆ ਦਾ ਆਪ੍ਰੇਸ਼ਨ ਹੋਇਆ। ਆਪ੍ਰੇਸ਼ਨ ਤੋਂ ਬਾਅਦ ਮਰੀਜ਼ ਦੀ ਹਾਲਤ ਆਮ ਸੀ, ਪਰ ਕੁਝ ਸਮੇਂ ਬਾਅਦ ਉਸਨੂੰ ਕੁਝ ਬੇਅਰਾਮੀ ਮਹਿਸੂਸ ਹੋਣ ਲੱਗੀ। ਜੋ ਵੀ ਜ਼ਰੂਰੀ ਇਲਾਜ ਦੀ ਲੋੜ ਸੀ ਉਹ ਹਸਪਤਾਲ ਵੱਲੋਂ ਮੁਹੱਈਆ ਕਰਵਾਇਆ ਗਿਆ। ਜਦੋਂ ਮਰੀਜ਼ ਦੀ ਹਾਲਤ ਵਿਗੜਨ ਲੱਗੀ ਤਾਂ ਉਸ ਨੂੰ ਰੈਫਰ ਕਰ ਦਿੱਤਾ ਗਿਆ। ਰੈਫਰਲ ਦੌਰਾਨ, ਮਰੀਜ਼ ਦੀ ਐਂਬੂਲੈਂਸ ਵਿੱਚ ਲਿਜਾਂਦੇ ਸਮੇਂ ਮੌਤ ਹੋ ਗਈ। ਐਸਐਮਓ ਨੇ ਕਿਹਾ ਕਿ ਜੇਕਰ ਪਰਿਵਾਰ ਲਗਾਏ ਗਏ ਦੋਸ਼ਾਂ ਬਾਰੇ ਲਿਖਤੀ ਸ਼ਿਕਾਇਤ ਦਿੰਦਾ ਹੈ, ਤਾਂ ਅਸੀਂ ਇਸਦੀ ਜਾਂਚ ਕਰਾਂਗੇ। ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ।

Posted on 6th June 2025

Latest Post