ਭਲਕੇ ਤੋਂ ਖੁੱਲ੍ਹ ਰਹੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, ਇੱਕ ਦਿਨ ‘ਚ 5,000 ਸ਼ਰਧਾਲੂ ਕਰ ਸਕਣਗੇ ਦਰਸ਼ਨ

Spread the love

ਸਿੱਖ ਸ਼ਰਧਾਲੂਆਂ ਦੇ ਪ੍ਰਸਿੱਧ ਤੀਰਥ ਅਸਥਾਨ ਹੇਮਕੁੰਟ ਸਾਹਿਬ ਦੇ ਕਪਾਟ 22 ਮਈ ਨੂੰ ਖੁੱਲ੍ਹਣ ਜਾ ਰਹੇ ਹਨ। ਸ਼ਨੀਵਾਰ 21 ਮਈ ਨੂੰ ਤੀਰਥ ਯਾਤਰੀਆਂ ਦਾ ਪਹਿਲੇ ਜਥੇ ਨੂੰ ਗੋਵਿੰਦਘਾਟ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਰਵਾਨਾ ਕੀਤਾ ਗਿਆ।

ਸ਼ਨੀਵਾਰ ਨੂੰ ਜਥਾ ਘਾਂਘਰੀਆ ਵਿੱਚ ਆਰਾਮ ਕਰੇਗਾ ਤੇ ਉਸ ਤੋਂ ਬਾਅਦ ਐਤਵਾਰ ਨੂੰ ਸਵੇਰੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਹੇਮਕੁੰਟ ਸਾਹਿਬ ਪਹੁੰਚੇਗਾ। ਉਥੇ ਪਹੁੰਚਦੇ ਹੀ ਕਪਾਟ ਦਰਸ਼ਨਾਂ ਲਈ ਖੋਲ੍ਹ ਦਿੱਤੇ ਜਾਣਗੇ। ਦੂਜੇ ਪਾਸੇ ਕਪਾਟ ਖੁੱਲ੍ਹਣ ਤੋਂ ਇੱਕ ਦਿਨ ਪਹਿਲਾਂ ਹੀ ਹੇਮਕੁੰਟ ਸਾਹਿਬ ਵਿੱਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ।

ਹੇਮਕੁੰਟ ਗੁਰਦੁਆਰਾ ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਇਸ ਸਾਲ ਉਤਰਾਖੰਡ ਸਥਿਤ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹਣ ਤੋਂ ਪਹਿਲਾਂ ਉਨ੍ਹਾਂ ਗੋਵਿੰਦਘਾਟ ਵਿਖੇ ਅਰਦਾਸ, ਸ਼ਬਦ ਕੀਰਤਨ ਅਤੇ ਹੁਕਮਨਾਮਾ ਲਿਆ। ਇਸ ਤੋਂ ਬਾਅਦ ਹਜ਼ਾਰਾਂ ਸ਼ਰਧਾਲੂ ਰਵਾਨਾ ਹੋ ਗਏ। ਇਸ ਵਾਰ 1 ਦਿਨ ਵਿਚ 5000 ਸ਼ਰਧਾਲੂ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਸਕਣਗੇ। ਇਹ ਫੈਸਲਾ ਯਾਤਰੀਆਂ ਦੀ ਵਧਦੀ ਗਿਣਤੀ ਅਤੇ ਪ੍ਰਬੰਧਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਨਾਲ ਹੀ ਯਾਤਰੀਆਂ ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ 19 ਮਈ ਨੂੰ ਉਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਰਿਸ਼ੀਕੇਸ਼ ਤੋਂ ਯਾਤਰੀਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇਸ ਤੋਂ ਬਾਅਦ ਸ਼ਰਧਾਲੂਆਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

ਹੇਮਕੁੰਟ ਯਾਤਰਾ ‘ਤੇ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਤੱਕ ਕੋਰੋਨਾ ਮਹਾਮਾਰੀ ਕਾਰਨ ਉਹ ਦਰਸ਼ਨ ਨਹੀਂ ਕਰ ਸਕੇ ਸਨ ਪਰ ਇਸ ਵਾਰ ਉਹ ਇਕ ਵਾਰ ਫਿਰ ਭਾਰੀ ਉਤਸ਼ਾਹ ਨਾਲ ਅਰਦਾਸ ਕਰਨ ਲਈ ਪਹੁੰਚ ਰਹੇ ਹਨ।

Posted on 21st May 2022

Latest Post