ਮਾਨਸਾ: ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਕਈ ਸਿਆਸੀ ਆਗੂ ਮਰਹੂਮ ਗਾਇਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ। ਇਸ ਦੇ ਚਲਦਿਆਂ ਅੱਜ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਵੀ ਮਾਨਸਾ ਦੇ ਪਿੰਡ ਮੂਸਾ ਪਹੁੰਚੇ। ਇਸ ਮੌਕੇ ਉਹਨਾਂ ਕਿਹਾ ਕਿ ਸਾਡਾ ਇਕ ਹੀਰਾ ਨੌਜਵਾਨ ਅਤੇ ਕਲਾਕਾਰ ਕਾਨੂੰਨ ਵਿਵਸਥਾ ਦੀ ਬਲੀ ਚੜ੍ਹ ਗਿਆ ਹੈ।
ਉਹਨਾਂ ਕਿਹਾ ਕਿ ਇਹ ਪਤਾ ਹੋਣ ਦੇ ਬਾਵਜੂਦ ਕਿ ਉਹਨਾਂ ਨੂੰ ਖਤਰਾ ਹੈ ਤਾਂ ਵੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਕੇ ਉਸ ਦਾ ਪ੍ਰਚਾਰ ਕੀਤਾ ਗਿਆ। ਇਹ ਸ਼ਰਮਨਾਕ ਹੈ ਅਤੇ ਸਰਕਾਰ ਦੇ ਮੱਥੇ ’ਤੇ ਕਲੰਕ ਲੱਗ ਗਿਆ ਹੈ। ਇਸ ਘਟਨਾ ਨੇ ਪੂਰੀ ਦੁਨੀਆ ਝੰਜੋੜ ਕੇ ਰੱਖ ਦਿੱਤੀ। ਕਾਂਗਰਸ ਆਗੂ ਨੇ ਕਿਹਾ ਕਿ ਇਹ ਸਰਕਾਰ ਸਿਰਫ ਅਪਣੇ ਪ੍ਰਚਾਰ ਵਿਚ ਲੱਗੀ ਹੈ, ਸਰਕਾਰ ਦਾ ਅਪਣੀ ਜ਼ਿੰਮੇਵਾਰ ਨਿਭਾਉਣ ਦਾ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਅਜਿਹੇ ਹਾਲਾਤ ਦੇਖ ਚੁੱਕੇ ਹਾਂ। ਅੱਜ ਪੰਜਾਬ ਦੇ ਹਾਲਾਤ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਪੰਜਾਬ ਦਾ ਕੋਈ ਵਾਲੀ ਵਾਰਸ ਨਹੀਂ ਹੈ ਜਾਂ ਨਹੀਂ।
ਉਹਨਾਂ ਕਿਹਾ ਕਿ ਸੂਬੇ ਵਿਚ ਜੋ ਵੀ ਹੁੰਦਾ ਹੈ ਉਸ ਦੇ ਲਈ ਸਰਕਾਰ ਜ਼ਿੰਮੇਵਾਰ ਹੁੰਦੀ ਹੈ, ਕੋਈ ਅਪਣੀ ਜ਼ਿੰਮੇਵਾਰੀ ਤੋਂ ਕਿਵੇਂ ਭੱਜ ਸਕਦਾ ਹੈ?
ਬੀਬੀ ਭੱਠਲ ਨੇ ਕਿਹਾ ਕਿ ਮਾੜੇ ਦੌਰ ਵਿਚ ਸਾਨੂੰ ਅਮਨ ਸ਼ਾਂਤੀ ਵਾਪਸ ਲਿਆਉਣ ਲਈ 3200 ਲੋਕਾਂ ਦੀਆਂ ਜਾਨਾਂ ਦੀ ਕੁਰਬਾਨੀ ਦੇਣ ਪਈ। ਉਹਨਾਂ ਨੇ ਅਪੀਲ ਕੀਤੀ ਕਿ ਸਿਆਸਤ ਬਾਅਦ ਵਿਚ ਕੀਤੀ ਜਾਵੇ ਪਹਿਲਾਂ ਸਾਰੀਆਂ ਪਾਰਟੀਆਂ ਅੱਗੇ ਆ ਕੇ ਪੰਜਾਬ ਨੂੰ ਬਚਾਉਣ ਤਾਂ ਜੋ ਪੰਜਾਬ ਮੁੜ ਅੱਗ ਦੀ ਭੇਟ ਨਾ ਚੜ੍ਹੇ।