ਪਾਲਤੂ ਕੁੱਤੇ ਰੱਖਣ ‘ਤੇ ਸਰਕਾਰ ਸਖ਼ਤ: ਸਰਕਾਰੀ ਕੁਆਟਰਾਂ ‘ਚ ਕੁੱਤੇ ਰੱਖਣ ਤੋਂ ਪਹਿਲਾਂ ਲੈਣੀ ਪਵੇਗੀ ਮਨਜ਼ੂਰੀ

Spread the love

ਚੰਡੀਗੜ੍ਹ – ਪੰਜਾਬ ‘ਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਸਰਕਾਰੀ ਕੁਆਟਰਾਂ ‘ਚ ਪਾਲਤੂ ਕੁੱਤਿਆਂ ਨੂੰ ਰੱਖਣ ‘ਤੇ ਸਖ਼ਤੀ ਦਿਖਾਈ ਹੈ। ਸਰਕਾਰੀ ਕਰਮਚਾਰੀਆਂ ਨੂੰ ਬਿਨਾਂ ਅਗਾਊਂ ਪ੍ਰਵਾਨਗੀ ਤੋਂ ਰੱਖੇ ਪਾਲਤੂ ਕੁੱਤਿਆਂ ਨੂੰ ਤੁਰੰਤ ਬਾਹਰ ਕੱਢਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਇਸ ਕੁੱਤੇ ਨੂੰ ਰਿਹਾਇਸ਼ੀ ਖੇਤਰ ਤੋਂ ਬਾਹਰ ਲਿਜਾਣ ਲਈ ਕਿਹਾ ਗਿਆ ਹੈ। ਪੰਜਾਬ ਦੇ ਏ.ਡੀ.ਜੀ.ਪੀ ਵੱਲੋਂ ਇਹ ਹੁਕਮ ਪੁਲਿਸ ਕੁਆਟਰਾਂ ਲਈ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਹੁਕਮਾਂ ਨੂੰ ਲਾਗੂ ਕਰਕੇ ਇੱਕ ਹਫ਼ਤੇ ਵਿਚ ਰਿਪੋਰਟ ਮੰਗੀ ਗਈ ਹੈ।

ਪੁਲਿਸ ਲਾਈਨਜ਼ ਦੇ ਕੁਆਟਰ ਮੁਨਸ਼ੀ ਅਤੇ ਲਾਈਨ ਅਫ਼ਸਰ ਨੂੰ ਹੁਕਮ ਲਾਗੂ ਕਰਨ ਲਈ ਕਿਹਾ ਗਿਆ ਹੈ। ਹੁਕਮਾਂ ਵਿਚ ਤਰਕ ਦਿੱਤਾ ਗਿਆ ਹੈ ਕਿ ਪੰਜਾਬ ਪੁਲਿਸ ਵੱਲੋਂ ਮੁਲਾਜ਼ਮਾਂ ਨੂੰ ਪੁਲਿਸ ਕਲੋਨੀ ਵਿਚ ਕਮਰੇ ਦਿੱਤੇ ਗਏ ਹਨ। ਇਨ੍ਹਾਂ ਵਿਚੋਂ ਕਈ ਮੁਲਾਜ਼ਮਾਂ ਨੇ ਪਾਲਤੂ ਕੁੱਤੇ ਰੱਖੇ ਹੋਏ ਹਨ। ਇਸ ਬਾਰੇ ਗੁਆਂਢੀਆਂ ਵੱਲੋਂ ਲਗਾਤਾਰ ਇਤਰਾਜ਼ ਕੀਤਾ ਜਾ ਰਿਹਾ ਹੈ। ਕੁੱਤੇ ਰੱਖਣ ਵਾਲਿਆਂ ਦੀਆਂ ਕਈ ਸ਼ਿਕਾਇਤਾਂ ਉੱਚ ਅਧਿਕਾਰੀਆਂ ਤੱਕ ਪਹੁੰਚ ਚੁੱਕੀਆਂ ਹਨ। ਨਿਯਮਾਂ ਮੁਤਾਬਕ ਪਾਲਤੂ ਕੁੱਤਾ ਰੱਖਣ ਲਈ ਇਜਾਜ਼ਤ ਲੈਣੀ ਪੈਂਦੀ ਹੈ ਪਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਅਜਿਹਾ ਨਹੀਂ ਕੀਤਾ।

ਪੰਜਾਬ ਪੁਲਿਸ ਦੇ ਕਮਾਂਡੋ ਵਿੰਗ ਦੇ ਏਡੀਜੀਪੀ ਵੱਲੋਂ ਇਸ ਸਬੰਧੀ ਇੱਕ ਪੱਤਰ ਸਾਹਮਣੇ ਆਇਆ ਹੈ। ਜੋ ਬਹਾਦਰਗੜ੍ਹ, ਪਟਿਆਲਾ, ਮੋਹਾਲੀ ਅਤੇ ਬਠਿੰਡਾ ਦੇ ਕਮਾਂਡੈਂਟ ਨੂੰ ਲਿਖਿਆ ਗਿਆ ਹੈ। ਇਸ ਪੱਤਰ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਪਾਲਤੂ ਕੁੱਤਿਆਂ ਨੂੰ ਇੱਕ ਹਫ਼ਤੇ ਵਿਚ ਬਾਹਰ ਕੀਤਾ ਜਾਵੇ ਜੇਕਰ ਕੋਈ ਕਰਮਚਾਰੀ ਇਨਕਾਰ ਕਰਦਾ ਹੈ ਤਾਂ ਉਸ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Posted on 19th May 2022

Latest Post