ਗੁਰਦਾਸਪੁਰ ਦੇ ਮਾਧਵ ਨੇ ਰੋਸ਼ਨ ਕੀਤਾ ਮਾਪਿਆਂ ਦਾ ਨਾਂਅ, ਭਾਰਤੀ ਫ਼ੌਜ ਦੀ ਆਰਟਿਲਰੀ ਰੈਜੀਮੈਂਟ ‘ਚ ਬਣਿਆ ਲੈਫਟੀਨੈਂਟ
ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਰਹਿਣ ਵਾਲੇ ਨੌਜਵਾਨ ਮਾਧਵ ਸ਼ਰਮਾ ਨੇ ਭਾਰਤੀ ਫ਼ੌਜ ਦੇ ਆਰਟਿਲਰੀ ਰੈਜੀਮੈਂਟ ਵਿੱਚ ਲੈਫਟੀਨੈਂਟ ਬਣਕੇ ਆਪਣੇ ਜ਼ਿਲ੍ਹੇ ਅਤੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਅੱਜ ਗੁਰਦਾਸਪੁਰ ਪਹੁੰਚਣ ਤੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਮਾਧਵ ਸ਼ਰਮਾ ਬਚਪਨ ਤੋਂ ਹੀ ਫ਼ੌਜ ਦੇ ਜਵਾਨਾਂ ਨੂੰ ਵਰਦੀ ਵਿੱਚ ਦੇਖ ਕੇ ਆਪਣੇ ਦੇਸ਼ ਦੇ ਮਾਣ ਕਰਦਾ ਸੀ ਅਤੇ ਉਸ ਨੇ ਉਦੋਂ ਤੋਂ ਹੀ ਸੁਪਨਾ ਦੇਖਿਆ ਸੀ ਕਿ ਉਹ ਇਕ ਦਿਨ ਫ਼ੌਜ ਵਿੱਚ ਅਫ਼ਸਰ ਬਣੇਗਾ। ਮਾਧਵ ਸ਼ਰਮਾ ਦੇ ਪਿਤਾ ਦਾ ਵੀ ਇਹੀ ਸੁਪਨਾ ਸੀ ਕਿ ਉਹਨਾਂ ਦਾ ਪੁੱਤਰ ਫ਼ੌਜ ਵਿੱਚ ਅਫ਼ਸਰ ਬਣੇ। ਮਾਧਵ ਦੇ ਪਿਤਾ ਹਤਿੰਦਰ ਸ਼ਰਮਾ ਇੱਕ ਅਖਬਾਰ ਵਿੱਚ ਪੱਤਰਕਾਰੀ ਕਰਦੇ ਸਨ ਅਤੇ ਉਹਨਾਂ ਦੀ ਮਾਤਾ ਸ੍ਰੀਮਤੀ ਗੋਪੀ ਰੰਜਨ ਸਰਕਾਰੀ ਹਾਈ ਸਕੂਲ ਵਿੱਚ ਅਧਿਆਪਕ ਹਨ। ਮਾਧਵ ਸ਼ਰਮਾ ਦੇ ਪਿਤਾ ਇਸ ਦੁਨੀਆ ਵਿੱਚ ਨਹੀਂ ਹਨ। ਲੈਫਟੀਨੈਂਟ ਮਾਧਵ ਸ਼ਰਮਾ ਨੇ ਦੱਸਿਆ ਕਿ ਜਦੋਂ ਉਸ ਦੇ ਪਿਤਾ ਦੀ ਮੌਤ ਹੋਈ ਸੀ, ਉਦੋਂ ਉਹ ਟ੍ਰੇਨਿੰਗ ‘ਤੇ ਸੀ। ਜਦੋਂ ਉਸ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਸ ਨੂੰ ਇਸ ਦਾ ਗਹਿਰਾ ਸਦਮਾ ਲੱਗਾ ਪਰ ਮਾਧਵ ਦੀ ਮਾਤਾ ਨੇ ਉਸ ਨੂੰ ਕਾਫੀ ਹੌਸਲਾ ਦਿੱਤਾ ਜਿਸ ਕਰਕੇ ਅੱਜ ਉਹ ਇਸ ਮੁਕਾਮ ਤੇ ਖੜ੍ਹਾ ਹੈ ਕਿਉਂਕਿ ਉਸ ਦੇ ਪਿਤਾ ਦਾ ਵੀ ਇਹੀ ਸੁਪਨਾ ਸੀ ਕਿ ਉਹਨਾਂ ਦਾ ਬੇਟਾ ਲੈਫਟੀਨੈਂਟ ਬਣੇ। ਅੱਜ ਮਾਧਵ ਨੇ ਆਪਣੇ ਪਿਤਾ ਦਾ ਉਹ ਸੁਪਨਾ ਪੂਰਾ ਕਰ ਦਿੱਤਾ। ਮਾਧਵ ਸ਼ਰਮਾ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਆਈਬੀ ਵਿੱਚ ਵੀ ਤਿੰਨ ਮਹੀਨੇ ਸੇਵਾ ਨਿਭਾ ਚੁੱਕਾ ਹੈ। ਉਸ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਨੂੰ ਖ਼ਤਮ ਕਰਨ ਦੇ ਲਈ ਨੌਜਵਾਨ ਪੀੜੀ ਨੂੰ ਖੁਦ ਅੱਗੇ ਆਉਣਾ ਪਵੇਗਾ। ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾ ਅਤੇ ਪੜ੍ਹਾਈ ਵੱਲ ਧਿਆਨ ਦੇਣ ਅਤੇ ਜੇਕਰ ਨਸ਼ਾ ਲਗਾਉਣਾ ਹੈ ਤਾਂ ਜਿੰਦਗੀ ਵਿੱਚ ਕਾਮਯਾਬ ਹੋਣ ਦਾ ਨਸ਼ਾ ਲਗਾਉਣ।