ਛੇਹਰਟਾ, 28 ਮਈ: ਅੰਮ੍ਰਤਿਸਰ ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਜਿਨ੍ਹਾਂ ਦੇ ਬੀਤੇ ਦਿਨੀਂ ਛੇਹਰਟਾ ਦੇ ਇੱਕ ਇਲਾਕੇ ਵਿਖੇ ਗੁੰਮਸ਼ੁਦਗੀ ਦੇ ਪੋਸਟਰਾਂ ਲਗਾਏ ਗਏ ਸਨ ‘ਤੇ ਹੁਣ ਉਨ੍ਹਾਂ ਦੇ ਭਰਾ ਵੱਲੋਂ ਬਿਜਲੀ ਵਿਭਾਗ ਦੀ ਮਹਿਲਾ ਮੁਲਾਜ਼ਮ ਨੂੰ ਫ਼ੋਨ ‘ਤੇ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧਿਤ ਪੀੜਿਤ ਅਵਨੀਤ ਕੌਰ ਨੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ।
ਪੀੜਤ ਅਵਨੀਤ ਕੌਰ ਦਾ ਕਹਿਣਾ ਹੈ ਕਿ ਇੱਕ ਉਪਭੋਗਤਾ ਉਨ੍ਹਾਂ ਕੋਲ ਆਪਣਾ ਮੀਟਰ ਲਗਵਾਉਣ ਆਇਆ ਸੀ ਪਰ ਵਰੀਅਤਾ ਦੇ ਹਿਸਾਬ ਨਾਲ ਉਨ੍ਹਾਂ ਦੀ ਵਾਰੀ ਨਾ ਆਉਣ ਕਰ ਕੇ ਉਨ੍ਹਾਂ ਨੂੰ ਨਿਯਮਾਂ ਮੁਤਾਬਿਕ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਲਾਜ਼ਮੀ ਸੀ।
ਛੇਹਰਟਾ ਸਾਹਿਬ ਡਿਵੀਜ਼ਨ ‘ਚ ਕੰਮ ਕਰ ਰਹੀ ਅਵਨੀਤ ਦਾ ਕਹਿਣਾ ਸੀ ਕਿ ਕਿਸੇ ਖ਼ਾਸਮਖ਼ਾਸ ਦੇ ਤੁਰੰਤ ਮੀਟਰ ਨਾ ਲਗਾਉਣ ਲਈ ਉਸ ਨੂੰ ਬਦਲੀ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਜਿਹੇ ਧਮਕੀ ਭਰੇ ਫ਼ੋਨ ਤੋਂ ਬਾਅਦ ਪੀੜਤ ਦਾ ਕਹਿਣਾ ਹੈ ਕਿ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਚੁੱਕੀ ਹੈ।
ਐਸਡੀਓ ਛੇਹਰਟਾ ਨੀਰਜ ਸ਼ਰਮਾ ਨੇ ਦੱਸਿਆ ਕਿ ਪੀੜਤ ਵੱਲੋਂ ਸਬੂਤ ਦੇ ਤੌਰ ‘ਤੇ ਉਨ੍ਹਾਂ ਸਨਮੁੱਖ ਕਾਲ ਰਿਕਾਰਡਿੰਗ ਵੀ ਪੇਸ਼ ਕੀਤੀ ਜਿਸਤੋਂ ਪਤਾ ਲੱਗਿਆ ਕਿ ਸਾਹਿਬ ਸਿੰਘ ਨਾਮਕ ਇੱਕ ਵਿਅਕਤੀ ਦਾ ਮੀਟਰ ਲਗਾਉਣ ਲਈ ਅਵਨੀਤ ਉੱਤੇ ਰਾਜਨੀਤਿਕ ਦਬਾਅ ਪਾਉਣ ਦੀ ਕੋਸ਼ਿਸ਼ ਹੋਈ ਹੈ।
ਐਸਡੀਓ ਦਾ ਕਹਿਣਾ ਸੀ ਕਿ ਪੁੱਛਗਿੱਛ ਤੋਂ ਪਤਾ ਚੱਲਿਆ ਕਿ ਵਰੀਅਤਾ ਦੇ ਹਿਸਾਬ ਨਾਲ ਉਕਤ ਵਿਅਕਤੀ ਦੀ ਵਾਰੀ ਹੁਣ ਤੱਕ ਨਹੀਂ ਆਈ ਸੀ। ਉਨ੍ਹਾਂ ਸੀਨੀਅਰ ਅਫ਼ਸਰਾਂ ਦੇ ਧਿਆਨ ‘ਚ ਲਿਆਉਣ ਦੀ ਗੱਲ ਆਖ ਆਪਣਾ ਪੱਲਾ ਛੁਡਾ ਲਿਆ।